ਅੰਮ੍ਰਿਤਸਰ ੨੦ ਸਤੰਬਰ- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਪਹਿਲੇ ਵਰਗ ਤਹਿਤ ੩੭ ਸਕੂਲਾਂ ਦੇ ੧੪੫ ਵਿਦਿਆਰਥੀਆਂ, ਨੌਵੀਂ ਤੋਂ ਬਾਰ੍ਹਵੀਂ ਤੱਕ ਦੂਸਰੇ ਵਰਗ ਵਿਚ ੩੦ ਸਕੂਲ ਦੇ ੧੦੫ ਵਿਦਿਆਰਥੀਆਂ ਅਤੇ ਗ੍ਰੈਜੂਏਸ਼ਨ ਪੱਧਰ ਦੇ ਤੀਸਰੇ ਗਰੁੱਪ ਵਿਚ ੧੫ ਕਾਲਜਾਂ ਦੇ ੪੫ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਦਿੱਤੇ ਗਏ ਵਿਸ਼ਿਆਂ ਵਿਚ ਕਿਰਤੀ ਸਿੱਖ ਦੀ ਤਸਵੀਰ, ਸਿੱਖ ਸਾਜ਼ ਰਬਾਬ/ਸਰੰਦਾ, ਬਲਿਹਾਰੀ ਕੁਦਰਤਿ ਵਸਿਆ ਨੂੰ ਦਰਸਾਉਂਦਾ ਦ੍ਰਿਸ਼ ਸ਼ਾਮਲ ਸਨ। ਇਸ ਤੋਂ ਇਲਾਵਾ ਤੀਸਰੇ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਵਿਚ ਸਰੋਵਰ ਕਿਨਾਰੇ ਬੈਠ ਕੇ ਇਸ ਪਾਵਨ ਅਸਥਾਨ ਦੀ ਤਸਵੀਰ ਬਣਾਈ ਗਈ। ਪੇਂਟਿੰਗ ਮੁਕਾਬਲਿਆਂ ਵਿਚ ਜੱਜਮੈਂਟ ਲਈ ਸ. ਗੁਰਵਿੰਦਰ ਸਿੰਘ, ਸ. ਮਨਦੀਪ ਸਿੰਘ, ਸ. ਗੁਰਦੀਪ ਸਿੰਘ, ਬੀਬੀ ਰਮਨਦੀਪ ਕੌਰ ਨੇ ਸੇਵਾ ਨਿਭਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਹਰ ਸਾਲ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਤਹਿਤ ਇਸ ਪੇਂਟਿੰਗ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਸਰੋਕਾਰਾਂ ਨਾਲ ਸਬੰਧਤ ਤਸਵੀਰਾਂ ਬਣਾਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਰਣਜੀਤ ਸਿੰਘ ਕਾਹਲੋਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਬਘੇਲ ਸਿੰਘ ਐਡੀਸ਼ਨਲ ਮੈਨੇਜਰ ਸ. ਕਾਬਲ ਸਿੰਘ, ਡਾ. ਰਣਜੀਤ ਕੌਰ ਪੰਨਵਾਂ, ਸ. ਜਸਪਾਲ ਸਿੰਘ, ਡਾ. ਰਾਜਵਿੰਦਰ ਸਿੰਘ ਜੋਗਾ, ਬੀਬੀ ਗੁਰਮੀਤ ਕੌਰ, ਬੀਬੀ ਕਿਰਨਦੀਪ ਕੌਰ, ਬੀਬੀ ਸਿਮਰਨਜੀਤ ਕੌਰ, ਡਾ. ਹਰਪ੍ਰੀਤ ਕੌਰ, ਬੀਬੀ ਪਲਵਿੰਦਰ ਕੌਰ ਆਦਿ ਨੇ ਪੇਂਟਿੰਗ ਮੁਕਾਬਲਿਆਂ ਦੌਰਾਨ ਸੇਵਾ ਨਿਭਾਈ। ਇਨ੍ਹਾਂ ਮੁਕਾਬਲਿਆਂ ਦੌਰਾਨ ਅੱਵਲ ਆਏ ਵਿਦਿਆਰਥੀਆਂ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਸਨਮਾਨਿਤ ਕੀਤਾ ਜਾਵੇਗਾ।