sਅੰਮ੍ਰਿਤਸਰ : 30 ਨਵੰਬਰ (       ) ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਸਮੇਸ਼ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਸਮੇਂ ਸ਼੍ਰੋਮਣੀ ਗੁਰਰਦੁਆਰਾ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੇ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ 27 ਨਵੰਬਰ 2016 ਨੂੰ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ ਸੀ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸ੍ਰ: ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਸ੍ਰ: ਸ਼ੈਲਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸ੍ਰ: ਸਰਜਿੰਦਰ ਸਿੰਘ ਜਨਰਲ ਸਕੱਤਰ ਤੇ ਸ੍ਰ: ਗੁਰਵਿੰਦਰ ਸਿੰਘ ਚੇਅਰਮੈਨ ਸ਼ਤਾਬਦੀ ਦਫ਼ਤਰ ਪਟਨਾ ਸਾਹਿਬ ਪ੍ਰਬੰਧਕ ਕਮੇਟੀ, ਡਾ: ਰੂਪ ਸਿੰਘ ਸਕੱਤਰ, ਸ੍ਰ: ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ ਤੇ ਸ੍ਰ: ਸੁਖਦੇਵ ਸਿੰਘ ਭੂਰਾ ਕੋਹਨਾ ਨਿਜੀ ਸਕੱਤਰ ਦੀ ਹਾਜ਼ਰੀ ‘ਚ ਵਿਚਾਰ ਵਟਾਂਦਰੇ ਉਪਰੰਤ ਇਹ ਫੈਂਸਲੇ ਲਏ ਗਏ ਸਨ ਕਿ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੇ ਰਾਗੀ ਜਥਿਆਂ, ਢਾਡੀ, ਕਵੀਸ਼ਰ ਤੇ ਪ੍ਰਚਾਰਕਾਂ ਦੀ ਭੇਟਾ ਤੇ ਆਉਣ ਜਾਣ ਦਾ ਖਰਚਾ ਕਰੇਗੀ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਕਰੌੜ ਰੁਪਏ ਦੇਣ ਬਾਰੇ ਜੋ ਅਖਬਾਰੀ ਚਰਚਾ ਚੱਲ ਰਹੀ ਹੈ, ਉਸ ਸਬੰਧੀ ਫਿਲਹਾਲ ਕੋਈ ਮਤਾ ਨਹੀਂ ਪਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਾਸ ਜੋ ਫੰਡ ਰੱਖੇ ਗਏ ਸਨ aੁਹ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਵੱਖ-ਵੱਖ ਸਥਾਨਾ ਪੁਰ ਸਮਾਗਮਾਂ ਸਮੇ ਖਰਚ ਕੀਤੇ ਗਏ ਹਨ।

ਉਨ੍ਹਾਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ  ੩੫੦ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਗਏ ਸਮਾਗਮਾ ਵਿੱਚ ਪਹਿਲਾ ਸਮਾਗਮ 52 ਕਵੀਆਂ ਤੇ ਅਧਾਰਿਤ ਵਿਸ਼ੇਸ਼ ਕਵੀ ਦਰਬਾਰ 18 ਅਗਸਤ 2016 ਨੂੰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ  ਕਰਵਾਇਆ ਗਿਆ ਸੀ। ਦੂਸਰਾ ਸਮਾਗਮ 29 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬ੍ਹੋ (ਬਠਿੰਡਾ) ਵਿਖੇ, ਤੀਸਰਾ ਸਮਾਗਮ 16 ਸਤੰਬਰ 2016 ਨੂੰ ਗੁਰਦੁਆਰਾ ਲੋਹਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਦੀਨਾ, ਮੋਗਾ ਵਿਖੇ, ਚੌਥਾ ਸਮਾਗਮ 9 ਅਕਤੂਬਰ 2016 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਤੇ ਪੰਜਵਾਂ ਸਮਾਗਮ 28 ਅਕਤੂਬਰ 2016 ਨੂੰ ਤਖ਼ਤ ਸੱਚਖੰਡ ਸ੍ਰੀ ਅਬਚੱਲ ਨਗਰ ਸ੍ਰੀ ਹਜੂਰ ਸਾਹਿਬ, ਨਾਦੇੜ (ਮਹਾਰਾਸ਼ਟਰ) ਵਿਖੇ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 2 ਨਵੰਬਰ 2016 ਨੂੰ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪਾਤਸ਼ਾਹੀ ਦਸਵੀਂ ਪੰਚਕੂਲਾ (ਹਰਿਆਣਾ) ਤੋਂ ਵਿਸ਼ੇਸ਼ ਨਗਰ-ਕੀਰਤਨ ਆਰੰਭ ਕੀਤਾ ਗਿਆ ਜੋ ਹਰਿਆਣਾ ਰਾਜ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਹੁੰਦਾ ਹੋਇਆ 12 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਵਿਖੇ ਸੰਪੰਨ ਹੋਇਆ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਦਿਹਾੜੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ 20 ਦਸੰਬਰ ਨੂੰ ਇਕ ਹੋਰ ਵਿਸ਼ੇਸ਼ ਨਗਰ-ਕੀਰਤਨ ਆਰੰਭ ਕੀਤਾ ਜਾਵੇਗਾ, ਜਿਸ ਨਾਲ ਸਿੱਖ ਗੁਰੂ ਸਾਹਿਬਾਨ ਦੇ ਸ਼ਸਤਰ-ਵਸਤਰ ਤੇ ਨਿਸ਼ਾਨੀਆਂ ਵਾਲੀ ਬੱਸ ਵੀ ਸ਼ਾਮਿਲ ਹੋਵੇਗੀ ਤੇ ਇਹ ਨਗਰ-ਕੀਰਤਨ 31 ਦਸੰਬਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਸੰਪੰਨ ਹੋਵੇਗਾ।