ਅੱਵਲ ਆਏ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ੧੩ ਲੱਖ ੬੭ ਹਜ਼ਾਰ ਰੁਪਏ ਦੇ ਵਜ਼ੀਫੇ –ਡਾ. ਰੂਪ ਸਿੰਘ

ਅੰਮ੍ਰਿਤਸਰ, ੫ ਮਈ – ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਵਿਦਿਆਰਥੀਆਂ ਨੂੰ ਸਿੱਖ ਧਰਮ ਸਬੰਧੀ ਜਾਣਕਾਰੀ ਦੇਣ ਲਈ ਸਕੂਲਾਂ/ਕਾਲਜਾਂ ਵਿਚ ਲਈ ਜਾਂਦੀ ਧਾਰਮਿਕ ਪ੍ਰੀਖਿਆ ਦੇ ਸਾਲ ੨੦੧੭ ਦਾ ਨਤੀਜਾ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਲ ੨੦੧੭ ਦੌਰਾਨ ਵੱਖ-ਵੱਖ ਸਕੂਲਾਂ/ਕਾਲਜਾਂ ਦੇ ੪੮੩੧੬ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ੧੭੧੫੦ ਵਿਦਿਆਰਥੀ ਸਫਲਤਾ ਪੂਰਵਕ ਪਾਸ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ੬੫੮ ਵਿਦਿਆਰਥੀਆਂ ਨੇ ਮੈਰਿਟ ਵਿਚ ਆ ਕੇ ਵਜੀਫੇ ਹਾਸਲ ਕੀਤੇ ਹਨ। ਡਾ. ਰੂਪ ਸਿੰਘ ਨੇ ਕਿਹਾ ਕਿ ਇਨ੍ਹਾਂ ੬੫੮ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ੧੩੬੭੮੦੦ ਰੁਪਏ ਦੀ ਰਾਸ਼ੀ ਵਜੀਫੇ ਵਜੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਬੱਚਿਆਂ ਅਤੇ ਨੌਜੁਆਨਾਂ ਨੂੰ ਗੁਰ ਇਤਿਹਾਸ, ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਜੋੜਨ ਦੇ ਮਨਸ਼ੇ ਨਾਲ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ ਜੋ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਵਜੀਫੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ।

ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਚਾਰ ਦਰਜਿਆਂ ਵਿਚ ਲਈ ਗਈ ਧਾਰਮਿਕ ਪ੍ਰੀਖਿਆ ਵਿੱਚੋਂ ਤਿੰਨ ਦਰਜਿਆਂ ਦੇ ਪਹਿਲੇ ਸਥਾਨ ਲੜਕੀਆਂ ਨੇ ਹਾਸਲ ਕੀਤੇ ਹਨ, ਜਦਕਿ ਚੌਥੇ ਦਰਜੇ ਵਿਚ ਪਹਿਲਾ ਸਥਾਨ ਇੱਕ ਹਿੰਦੂ ਪਰਿਵਾਰ ਦੇ ਵਿਦਿਆਰਥੀ ਨੇ ਪ੍ਰਾਪਤ ਕੀਤਾ ਹੈ। ਵਿਸਥਾਨ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਹਿਲੇ ਦਰਜੇ ਵਿੱਚੋਂ ਬਾਬਾ ਹਾਕਮ ਸਿੰਘ ਮੈਮੋਰੀਅਲ ਸਕੂਲ ਦਸਮੇਸ਼ ਨਗਰ ਅੰਮ੍ਰਿਤਸਰ ਦੀ ਵਿਦਿਆਰਥਣ ਅਨਮੋਲਦੀਪ ਕੌਰ ਨੇ ੮੪.੫% ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਪਹਿਲੇ ਦਰਜੇ ਵਿਚ ਹੀ ਦੂਸਰਾ ਸਥਾਨ ਇਸੇ ਸਕੂਲ਼ ਦੀ ਹੀ ਅਮਨਦੀਪ ਕੌਰ ਨੇ ਹਾਸਲ ਕੀਤਾ, ਜਦਕਿ ਤੀਸਰਾ ਸਥਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਸਕੂਲ ਛੇਹਰਟਾ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਦੂਸਰੇ ਦਰਜੇ ਵਿੱਚੋਂ ਪਹਿਲਾ ਸਥਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਸਕੂਲ ਛੇਹਰਟਾ ਦੀ ਬੱਚੀ ਸਰਗੁਨਮੀਤ ਕੌਰ ਨੇ ੮੮.੫% ਅੰਕ ਲੈ ਕੇ ਪ੍ਰਾਪਤ ਕੀਤਾ ਹੈ। ਦੂਸਰੇ ਸਥਾਨ ਤੇ ਤਿੰਨ ਵਿਦਿਆਰਥੀ ਰਹੇ, ਜਿਨ੍ਹਾਂ ਵਿੱਚ ਸੰਤ ਬਾਬਾ ਲਾਭ ਸਿੰਘ ਖਾਲਸਾ ਸਕੂਲ ਗੁਰੂ ਕੀ ਬੇਰ ਮੱਤੇਵਾਲ ਦੀ ਵਿਦਿਆਰਥਣ ਮਨਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਵਡਾਲਾ ਗ੍ਰੰਥੀਆਂ ਬਟਾਲਾ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਅਤੇ ਕਲਾਸਵਾਲਾ ਖਾਲਸਾ ਸੀਨੀ: ਸੈਕੰਡਰੀ ਸਕੂਲ ਕਾਦੀਆਂ (ਗੁਰਦਾਸਪੁਰ) ਦੇ ਵਿਦਿਆਰਥੀ ਗੁਰਸੇਵਕ ਸਿੰਘ ਸ਼ਾਮਲ ਹਨ। ਤੀਜਾ ਸਥਾਨ ਗੋਬਿੰਦ ਸਰਵਰ ਸੀਨੀ: ਸੈਕੰਡਰੀ ਸਕੂਲ ਬੁਲੰਦਪੁਰੀ ਸਾਹਿਬ, ਨਕੋਦਰ ਨੇ ਪ੍ਰਾਪਤ ਕੀਤਾ।
ਸ. ਜੌੜਾਸਿੰਘਾ ਨੇ ਦੱਸਿਆ ਕਿ ਤੀਸਰੇ ਦਰਜੇ ਵਿੱਚੋਂ ਪਹਿਲਾ ਸਥਾਨ ਪੰਡਤ ਮੋਹਨ ਲਾਲ ਐਸ.ਡੀ. ਕਾਲਜ ਲੜਕੀਆਂ ਗੁਰਦਾਸਪੁਰ ਦੇ ਵਿਦਿਆਰਥਣ ਮਨਪ੍ਰੀਤ ਕੌਰ ਨੇ, ਦੂਸਰਾ ਸਥਾਨ ਕਾਲਜ ਕਾਲਜ ਗੜਦੀਵਾਲਾ ਦੀ ਵਿਦਿਆਰਥਣ ਵਿਸ਼ਾਲੀ ਨੇ ਜਦ ਕਿ ਤੀਸਰਾ ਸਥਾਨ ਗੁਰੂ ਨਾਨਕ ਕਾਲਜ ਲੜਕੀਆਂ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਲਵਜੋਤ ਕੌਰ ਨੇ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ ਚੌਥੇ ਦਰਜੇ ਵਿੱਚੋਂ ਪਹਿਲਾ ਸਥਾਨ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀ ਚਰਨਜੀਤ ਕਮਲ ਨੇ ਪ੍ਰਾਪਤ ਕੀਤਾ ਅਤੇ ਦੂਸਰੇ ਸਥਾਨ ਤੇ ਇਸੇ ਕਾਲਜ ਦੀ ਹੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਸ. ਜੌੜਾਸਿੰਘਾ ਅਨੁਸਾਰ ਚੌਥੇ ਦਰਜੇ ਵਿੱਚੋਂ ਤੀਸਰਾ ਸਥਾਨ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾ ਨਗਰ ਦੀਆਂ ਦੋ ਵਿਦਿਆਰਥਣਾ ਮਨਦੀਪ ਕੌਰ ਅਤੇ ਸੰਦੀਪ ਕੌਰ ਨੇ ਪ੍ਰਾਪਤ ਕੀਤਾ।

ਸ. ਜੌੜਾਸਿੰਘਾ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਜਿਥੇ ਮੈਰਿਟ ਵਿਚ ਰਹਿਣ ਵਾਲੇ ੬੫੮ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਉਥੇ ਹੀ ਪਹਿਲੇ ਤਿੰਨ ਸਥਾਨਾਂ ”ਤੇ ਰਹਿਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਵਜੀਫੇ ਦੇ ਨਾਲ ਨਾਲ ਕ੍ਰਮਵਾਰ ੫੧੦੦, ੪੧੦੦ ਅਤੇ ੩੧੦੦ ਰੁਪਏ ਦੇ ਵਿਸ਼ੇਸ਼ ਇਨਾਮ ਵੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਜਗਜੀਤ ਸਿੰਘ ਜੱਗੀ ਤੇ ਪ੍ਰਤਾਪ ਸਿੰਘ, ਡਿਪਟੀ ਡਾਇਰੈਕਟਰ ਬੀਬੀ ਸਤਵੰਤ ਕੌਰ, ਪ੍ਰਿੰਸੀਪਲ ਤਰਨਜੀਤ ਸਿੰਘ, ਧਾਰਮਿਕ ਪ੍ਰੀਖਿਆ ਦੇ ਇੰਚਾਰਜ ਪ੍ਰੋਫੈਸਰ ਸੁਖਦੇਵ ਸਿੰਘ, ਸੁਪਰਵਾਈਜ਼ਰ ਸ. ਕੁਲਵਿੰਦਰ ਸਿੰਘ, ਸ. ਭੁਪਿੰਦਰ ਸਿੰਘ ਬੁੱਟਰ, ਸ. ਸੰਦੀਪ ਸਿੰਘ, ਸ. ਸੁਖਦੇਵ ਸਿੰਘ ਸਮੇਤ ਹੋਰ ਹਾਜ਼ਰ ਸਨ।