ਅੰਮ੍ਰਿਤਸਰ : 15 ਜੂਨ ( ) ਪ੍ਰਸਿੱਧ ਲੇਖਕ ਤੇ ਗੀਤਕਾਰ ਸ. ਹਰਵਿੰਦਰ ਸਿੰਘ ‘ਵੀਰ’ ਨੂੰ ਉਨ੍ਹਾਂ ਦੀਆਂ ਸਾਹਿਤ ਜਗਤ ਨੂੰ ਵੱਡਮੁੱਲੀਆਂ ਸੇਵਾਵਾਂ ਬਦਲੇ ਡਾ: ਰੂਪ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਆaੁਣ ਤੇ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਹੈ।
ਦਫ਼ਤਰ ਤੋਂ ਪ੍ਰੈਸ ਦੇ ਨਾਮ ਇਕ ਸਾਂਝੇ ਬਿਆਨ ਵਿੱਚ ਡਾ: ਰੂਪ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ ਨੇ ਕਿਹਾ ਕਿ ਸ੍ਰ: ਹਰਵਿੰਦਰ ਸਿੰਘ ਦੀ ਪੰਜਾਬੀ ਸਾਹਿਤ ਨੂੰ ਬਹੁਤ ਵਡਮੁੱਲੀ ਦੇਣ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਜਰਨੈਲ ਤੇ ਪਹਿਲੇ ਸਿੱਖ ਹੁਕਮਰਾਨ ਬਾਬਾ ਬੰਦਾ ਸਿੰਘ ਜੀ ਬਹਾਦਰ, ਉਨ੍ਹਾਂ ਦੇ ਸਪੁੱਤਰ ਬਾਬਾ ਅਜੈ ਸਿੰਘ ਤੇ ਹੋਰ ਸਹੀਦ ਸਿੰਘਾਂ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਉਣ ਸਮੇਂ ਸ੍ਰ: ਹਰਵਿੰਦਰ ਸਿੰਘ ਵੀਰ’ ਨੇ ਖੂਬਸੂਰਤ ਧਾਰਮਿਕ ਗੀਤ 300 ਸਾਲਾ ਯਾਦ ਸ਼ਹੀਦੀ ਕੌਮ ਮਨਾ ਰਹੀਏ, ਬੰਦਾ ਸਿੰਘ ਬਹਾਦਰ ਯੋਧੇ ਦੇ ਗੁਣ ਗਾ ਰਹੀਏ’ ਲਿਖਿਆ ਸੀ ਅਤੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਖੇਰਦਿਆਂ ਰਣਜੀਤ ਬਾਵਾ ਨੇ ਇਸ ਗੀਤ ਨੂੰ ਗਾਇਆ ਤੇ ਮਿਊਜ਼ਿਕ ਟਾਈਗਰ ਸਟਾਈਲ ਕੰਪਨੀ ਇੰਗਲੈਂਡ ਨੇ ਦਿੱਤਾ। ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ੍ਰ: ਹਰਵਿੰਦਰ ਸਿੰਘ ‘ਵੀਰ’ ਨੇ ਵੱਖ-ਵੱਖ ਸ਼ਤਾਬਦੀਆਂ ਸਮੇਂ ਨਿਸ਼ਕਾਮ ਅਤੇ ਸਿਦਕੀ ਸਿੱਖ ਵਜੋਂ ਵਿਚਰਦਿਆਂ ਧਾਰਮਿਕ ਗੀਤ ਪੰਥ ਦੀ ਝੋਲੀ ਪਾਏ ਹਨ। ਉਨ੍ਹਾਂ ਕਿਹਾ ਸਾਡੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ‘ਚ ਅਰਦਾਸ ਜੋਦੜੀ ਹੈ ਕਿ ਉਹ ਸ੍ਰ: ਹਰਵਿੰਦਰ ਸਿੰਘ ‘ਵੀਰ’ ਨੂੰ ਸਦਾ ਚੜ੍ਹਦੀਆਂ ਕਲਾਂ ਵਿੱਚ ਰੱਖਦੇ ਹੋਏ ਇਸੇ ਤਰ੍ਹਾਂ ਸਮੇਂ-ਸਮੇਂ ਸੇਵਾ ਲੈਂਦੇ ਰਹਿਣ ਤੇ ਉਨ੍ਹਾਂ ਦਾ ਨਾਮ ਇਸ ਖੇਤਰ ਵਿੱਚ ਸਦਾ ਰੌਸ਼ਨ ਰਹੇ ਤੇ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਸਰੋਤ ਬਣਿਆਂ ਰਹੇ।
ਇਸ ਮੌਕੇ ਸ੍ਰ: ਹਰਭਜਨ ਸਿੰਘ ਮਨਾਵਾਂ ਤੇ ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ੍ਰ: ਜਗਜੀਤ ਸਿੰਘ ਤੇ ਸ੍ਰ: ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ ਆਦਿ ਮੌਜੂਦ ਸਨ।