ਅੰਮ੍ਰਿਤਸਰ, 24 ਜੁਲਾਈ –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੇਂਡੂ ਖੇਤਰਾਂ ਵਿਚ ਮੁਫਤ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਲਈ ਚਲਾਈਆਂ ਗਈਆਂ ਮੈਡੀਕਲ ਵੈਨਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਤੱਕ ਲਗਾਤਾਰ ਪਹੁੰਚ ਕਰ ਰਹੀਆਂ ਹਨ ਅਤੇ ਇਸ ਤਹਿਤ ਮਾਝਾ ਤੇ ਮਾਲਵਾ ਦੇ 200 ਦੇ ਕਰੀਬ ਪਿੰਡਾਂ ਵਿਚ ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਮੋਬਾਇਲ ਮੈਡੀਕਲ ਸੇਵਾਵਾਂ ਲਗਾਤਾਰ ਜਾਰੀ ਹਨ, ਜਿਸ ਤੋਂ ਪੇਂਡੂ ਖੇਤਰਾਂ ਦੇ ਲੋਕ ਲਾਭ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਪੱਟੀ ਦੇ ਬਹੁਤ ਸਾਰੇ ਪਿੰਡ ਅਜਿਹੇ ਹਨ ਜੋ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਵੀ ਵਾਂਝੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਵੱਲੋਂ ਇਨ੍ਹਾਂ ਸਿਹਤ ਸਹੂਲਤਾਂ ਤੋਂ ਵਿਰਵੇ ਪਿੰਡਾਂ ਦੇ ਲੋਕਾਂ ਲਈ ਮੁਫਤ ਸਿਹਤ ਜਾਂਚ ਅਤੇ ਮੁੱਢਲੇ ਇਲਾਜ ਲਈ ਮੈਡੀਕਲ ਵੈਨਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ। ਇਹ ਫੈਸਲਾ ਅਮਲ ਵਿਚ ਲਿਆਉਂਦਿਆਂ 25 ਅਪ੍ਰੈਲ ਨੂੰ ਮੈਡੀਕਲ ਵੈਨਾਂ ਨੂੰ ਪਿੰਡਾਂ ਲਈ ਰਵਾਨਾਂ ਕੀਤੀਆਂ ਸਨ। ਇਨ੍ਹਾਂ ਵੈਨਾਂ ’ਚ ਡਾਕਟਰ, ਫਾਰਮਾਸਿਸਟ ਤੇ ਹੈਲਪਰ ਤਾਇਨਾਤ ਕੀਤੇ ਗਏ ਹਨ ਅਤੇ ਮੁੱਢਲੇ ਟੈਸਟਾਂ ਦੇ ਨਾਲ ਮੁਫ਼ਤ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਦਿੱਤੀਆਂ ਗਈਆਂ ਸਿਹਤ ਸਹੂਲਤਾਂ ਦੇ ਵੇਰਵੇ ਜਾਰੀ ਕਰਦਿਆਂ ਸ. ਬੇਦੀ ਨੇ ਦੱਸਿਆ ਕਿ ਮਾਝਾ ਤੇ ਮਾਲਵਾ ਅੰਦਰ 25 ਅਪ੍ਰੈਲ ਤੋਂ ਲੈ 10 ਜੁਲਾਈ ਤਕ 200 ਦੇ ਕਰੀਬ ਪਿੰਡਾਂ ਤਕ ਪਹੁੰਚ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਫਿਰੋਜਪੁਰ, ਅਜਨਾਲਾ, ਡੇਰਾ ਬਾਬਾ ਨਾਨਕ, ਧਾਰੀਵਾਲ, ਗੁਰਦਾਸਪੁਰ, ਪਠਾਨਕੋਟ, ਵਲਟੋਹਾ, ਝਬਾਲ, ਤਰਨਤਾਰਨ, ਚੋਗਾਵਾਂ, ਵੇਰਕਾ, ਗੁਰੂ ਕਾ ਬਾਗ, ਜੰਡਿਆਲਾ ਗੁਰੂ, ਮੱਤੇਵਾਲ, ਕਾਲਾ ਅਫਗਾਨਾ, ਗੋਇੰਦਵਾਲ ਸਾਹਿਬ, ਕਰਤਾਰਪੁਰ, ਜਲੰਧਰ, ਅਬੋਹਰ, ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਮੌੜ, ਜੋਗਾ, ਬੱਲੂਆਣਾ, ਰਾਮਪੁਰਾ ਫੂਲ, ਭਗਤਾ, ਸਰਦੂਲਗੜ੍ਹ, ਬਠਿੰਡਾ, ਤਲਵੰਡੀ ਸਾਬੋ, ਬੁਢਲਾਡਾ, ਮਾਨਸਾ ਆਦਿ ਦੇ ਆਸ-ਪਾਸ ਦੇ ਪਿੰਡਾਂ ਵਿਚ ਮੁਢਲੀਆਂ ਸਿਹਤ ਸੇਵਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ।