ਅੰਮ੍ਰਿਤਸਰ, ੧੨ ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼ਿਲਾਂਗ ਦੇ ਗੁਰਦੁਆਰਾ ਸਾਹਿਬਾਨ ਅਤੇ ਹੋਰਨਾਂ ਲਈ ਐਲਾਨ ਕੀਤੀ ਸਹਾਇਤਾ ਰਾਸ਼ੀ ਸ਼ਿਲਾਂਗ ਭੇਜੇ ਗਏ ਇੱਕ ਵਫ਼ਦ ਵੱਲੋਂ ਸਬੰਧਤਾਂ ਨੂੰ ਸੌਂਪ ਦਿੱਤੀ ਗਈ ਹੈ। ਬੀਤੇ ਸਮੇਂ ‘ਚ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਖੇ ਸਥਾਨਕ ਖਾਸੀ ਲੋਕਾਂ ਨੇ ਸਿੱਖਾਂ ਤੇ ਪੰਜਾਬੀਆਂ ਦੀ ਇੱਕ ਕਾਲੋਨੀ ‘ਤੇ ਹਮਲਾ ਕਰਕੇ ਸਾੜ ਫੂਕ ਕੀਤੀ ਸੀ, ਜਿਸ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਹਲਾਤਾਂ ਤੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇੱਕ ਵਫ਼ਦ ਸ਼ਿਲਾਂਗ ਭੇਜਿਆ ਗਿਆ ਸੀ। ਇਸ ਵਫ਼ਦ ਵੱਲੋਂ ਸਿੱਖਾਂ ਦੀ ਮੱਦਦ ਲਈ ਜਿਥੇ ਮੁੱਖ ਮੰਤਰੀ, ਗ੍ਰਹਿ ਮੰਤਰੀ, ਡਿਪਟੀ ਕਮਿਸ਼ਨਰ ਤੇ ਹੋਰਾਂ ਨਾਲ ਮੁਲਾਕਾਤ ਕਰ ਕੇ ਹਾਲਾਤ ਕਾਬੂ ਕਰਨ ਲਈ ਕਿਹਾ ਗਿਆ ਸੀ, ਉਥੇ ਹੀ ਸਥਾਨਕ ਗੁਰਦੁਆਰਾ ਬੜਾ ਬਜ਼ਾਰ ਲਈ ੧੦ ਲੱਖ ਰੁਪਏ ਅਤੇ ਪ੍ਰਭਾਵਤਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਸੱਕਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸੇ ਸਾਲ ਮਈ ਮਹੀਨੇ ਵਿਚ ਸ਼ਿਲਾਂਗ ਵਿਖੇ ਸਥਾਨਕ ਖਾਸੀ ਲੋਕਾਂ ਵੱਲੋਂ ਸਿੱਖਾਂ ਤੇ ਪੰਜਾਬੀਆਂ ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਮੇਘਾਲਿਆ ਪਹੁੰਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਆਪਣੀ ਰਿਪੋਰਟ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪ ਦਿੱਤੀ ਸੀ, ਜਿਸ ਵਿਚ ਇੱਕ ਗੁਰਦੁਆਰਾ ਸਾਹਿਬ ਸਮੇਤ ਕੁਝ ਪ੍ਰਵਾਵਿਤਾਂ ਨੂੰ ਸਹਾਇਤਾ ਦੇਣ ਅਤੇ ਗੁਰੂ-ਘਰਾਂ ਲਈ ਕੀਰਤਨ ਵਾਸਤੇ ਸਾਜ਼ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਇਸੇ ਤਹਿਤ ਹੀ ਸ਼ਿਲਾਂਗ ਵਿਖੇ ਸਹਾਇਤਾ ਪਹੁੰਚਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਸਮੇਤ ਸ਼੍ਰੋਮਣੀ ਕਮੇਟੀ ਮੈਂਬਰ ਸ. ਦਲਜੀਤ ਸਿੰਘ ਭਿੰਡਰ ਅਤੇ ਸ. ਦੀਪਇੰਦਰ ਸਿੱਖ ਇੰਚਾਰਜ ਨੇ ਖ਼ੁਦ ਸ਼ਿਲਾਂਗ ਜਾ ਕੇ ਐਲਾਨ ਕੀਤੀ ਸਹਾਇਤਾ ਸਬੰਧਤਾਂ ਨੂੰ ਦਿੱਤੀ ਹੈ। ਸਹਾਇਤਾ ਦੇ ਵੇਰਵੇ ਦਿੰਦਿਆਂ ਸ. ਬੇਦੀ ਨੇ ਦੱਸਿਆ ਕਿ ਸ਼ਿਲਾਂਗ ਦੇ ਗੁਰਦੁਆਰਾ ਬੜਾ ਬਜ਼ਾਰ ਲਈ ੧੦ ਲੱਖ ਰੁਪਏ, ਸਰੂਪ ਸਿੰਘ ਨੂੰ ੨ ਲੱਖ ਰੁਪਏ, ਅੰਸ ਸ਼ੇਰ ਗਿੱਲ ਨੂੰ ੨ ਲੱਖ ਰੁਪਏ ਅਤੇ ਬਿੱਟੂ ਸਿੰਘ ਨੂੰ ੫੦ ਹਜ਼ਾਰ ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਪੰਜ ਬੱਚੀਆਂ ਨੂੰ ੨੧-੨੧ ਹਜ਼ਾਰ ਰੁਪਏ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਮਲੇ ਸਮੇਂ ਹਮਲਾਕਾਰੀਆਂ ਨੇ ਅੰਸ ਸ਼ੇਰ ਗਿੱਲ ਦੇ ਸ਼ੋਰੂਮ ਅਤੇ ਸਰੂਪ ਸਿੰਘ ਦੇ ਮਕਾਨ ਨੂੰ ਸਾੜ ਦਿੱਤਾ ਸੀ।