ਭਾਰਤ ਵਿਚ ਪੰਜ ਤਖਤਾਂ ਦੀ ਯਾਤਰਾ ਮਗਰੋਂ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਸੰਪੂਰਨ

ਸ੍ਰੀ ਨਨਕਾਣਾ ਸਾਹਿਬ/ਅੰਮ੍ਰਿਤਸਰ, 1 ਅਗਸਤ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਇਤਿਹਾਸਕ ਅੰਤਰਰਾਸ਼ਟਰੀ ਨਗਰ ਕੀਰਤਨ ਪੰਥਕ ਜਾਹੋ-ਜਲਾਲ ਨਾਲ ਨਗਾਰੇ ਦੀ ਗੂੰਜ ਵਿਚ ਭਾਰਤ ਲਈ ਰਵਾਨਾ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸਜਾਏ ਗਏ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਅਰਦਾਸ ਕੀਤੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜੀ ਬੱਸ ਵਿਚ ਸੁਸ਼ੋਭਿਤ ਪਾਲਕੀ ਸਾਹਿਬ ਅੰਦਰ ਸੁਭਾਏਮਾਨ ਕਰਨ ਦੀ ਸੇਵਾ ਨਿਭਾਈ। ਨਗਰ ਕੀਰਤਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਸੇਵਾ ਨਿਭਾ ਰਹੇ ਸਨ। ੧੯੪੭ ਦੀ ਵੰਡ ਮਗਰੋਂ ੭੨ ਸਾਲਾਂ ਦੌਰਾਨ ਇਹ ਪਹਿਲਾ ਇਤਿਹਾਸਕ ਇਤਫਾਕ ਸੀ ਜਦੋਂ ਪਾਕਿਸਤਾਨ ਤੋਂ ਆਰੰਭ ਹੋ ਕੇ ਕੋਈ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿਚ ਭਾਰਤ ਪੁੱਜਾ ਹੋਵੇ। ਇਸ ਮੌਕੇ ਜਿਥੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਆਗੂ ਸ. ਦਰਬਾਰਾ ਸਿੰਘ ਗੁਰੂ, ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ, ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ੯੬ਵੇਂ ਕਰੋੜੀ ਸਮੇਤ ਵੱਡੀ ਗਿਣਤੀ ਵਿਚ ਭਾਰਤ ਤੋਂ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ, ਉਥੇ ਹੀ ਓਕਾਫ ਬੋਰਡ ਦੇ ਸਕੱਤਰ ਜਨਾਬ ਤਾਰਿਕ ਵਜੀਰ ਖਾਂ ਤੇ ਇਮਰਾਨ ਗੋਂਦਲ, ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਸਤਵੰਤ ਸਿੰਘ, ਜਨਰਲ ਸਕੱਤਰ ਸ. ਅਮੀਰ ਸਿੰਘ, ਸਾਬਕਾ ਪ੍ਰਧਾਨ ਸ. ਬਿਸ਼ਨ ਸਿੰਘ, ਸ. ਮਸਤਾਨ ਸਿੰਘ ਅਤੇ ਪਾਕਿਸਤਾਨ ਕਮੇਟੀ ਦੇ ਮੈਂਬਰ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਇਹ ਵੀ ਦੱਸਣਾ ਬਣਦਾ ਹੈ ਕਿ ਸ੍ਰੀ ਨਨਕਾਣਾ ਸਾਹਿਬ ਤੋਂ ਇਲਾਵਾ ਸਿੰਧ, ਪੇਸ਼ਾਵਰ, ਲਾਹੌਰ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਤੋਂ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇਸ ਇਤਿਹਾਸਕ ਮੌਕੇ ‘ਤੇ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕਰਨ ਲਈ ਪੁੱਜੀਆਂ ਹੋਈਆਂ ਸਨ। ਪਾਕਿਸਤਾਨ ਦੀ ਨਨਕਾਣਾ ਸਾਹਿਬਾ ਜਿਲ੍ਹਾ ਪੁਲਿਸ ਵੱਲੋਂ ਬੈਂਡ ਪਾਰਟੀ ਰਾਹੀਂ ਨਗਰ ਕੀਰਤਨ ਨੂੰ ਸਲਾਮੀ ਦਿੱਤੀ ਗਈ ਅਤੇ ਗਤਕਾ ਪਾਰਟੀਆਂ ਨੇ ਨਗਰ ਕੀਰਤਨ ਦੌਰਾਨ ਸਿੱਖ ਮਾਰਸ਼ਲ ਆਰਟ ਦੀ ਬਾਖ਼ੂਬੀ ਪੇਸ਼ਕਾਰੀ ਕੀਤੀ। ਸ੍ਰੀ ਨਨਕਾਣਾ ਸਾਹਿਬ ਦੇ ਸਿੱਖ ਬੱਚੇ ਵੀ ਖਾਲਸਾਈ ਬਾਣੇ ਵਿਚ ਸੰਗਤਾਂ ਲਈ ਖਿੱਚ ਦੇ ਕੇਂਦਰ ਬਣੇ ਹੋਏ ਸਨ। ਇਹ ਇਕ ਅਲੌਕਿਕ ਪ੍ਰਭਾਵ ਸੀ, ਜਦੋਂ ਸਿੱਖ-ਜਗਤ ਲਈ ਪੂਜਣਯੋਗ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋ ਨਗਰ ਕੀਰਤਨ ਰਵਾਨਾ ਹੋ ਰਿਹਾ ਸੀ। ਚੁਫੇਰੇ ਸ਼ਰਧਾ ਦਾ ਸਮੁੰਦਰ ਹਰ ਇਕ ਲਈ ਭਾਵੁਕ ਪਲ ਪੈਦਾ ਕਰ ਰਿਹਾ ਸੀ। ਨਗਰ ਕੀਰਤਨ ਦੀ ਆਰੰਭਤਾ ਮੌਕੇ ਭਾਰਤ ਤੋਂ ਪੁੱਜੀਆਂ ਸੰਗਤਾਂ ਗੁਰੂ ਸਾਹਿਬ ਨੂੰ ਨਤਮਸਤਕ ਹੁੰਦਿਆਂ ਆਪਣੇ ਆਪ ਨੂੰ ਭਾਗਸ਼ਾਲੀ ਮਹਿਸੂਸ ਕਰ ਰਹੀਆਂ ਸਨ। ਜਿਉਂ ਹੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਰਵਾਨਾ ਹੋਇਆ ਤਾਂ ਸਥਾਨਕ ਸੰਗਤਾਂ ਨੇ ਦੂਰ ਤੱਕ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਕੇ ਪ੍ਰਸੰਨਤਾ ਹਾਸਲ ਕੀਤੀ। ਸਥਾਨਕ ਸਿੱਖ ਆਗੂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵਾਹਗਾ ਸਰਹੱਦ ਤੱਕ ਵੀ ਨਗਰ ਕੀਰਤਨ ਵਿਚ ਸ਼ਾਮਲ ਰਹੀਆਂ। ਇਹ ਵੀ ਦੱਸਣਯੋਗ ਹੈ ਕਿ ਪਾਕਿਸਤਾਨ ਦੇ ਮੀਡੀਆ ਵੱਲੋਂ ਵੀ ਇਸ ਅਲੌਕਿਕ ਨਗਰ ਕੀਰਤਨ ਦੀ ਕਵਰੇਜ਼ ਕਰਨ ਵਿਚ ਵਿਸ਼ੇਸ਼ ਰੁਚੀ ਦਿਖਾਈ ਗਈ। ਨਗਰ ਕੀਰਤਨ ਦੌਰਾਨ ਸ੍ਰੀ ਨਨਕਾਣਾ ਸਾਹਿਬ ਤੋਂ ਵਾਹਗਾ ਸਰਹੱਦ ਤੱਕ ਪਾਕਿਸਤਾਨ ਸਰਕਾਰ ਵੱਲੋਂ ਬਕਾਇਦਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਜਿਸ ਦੇ ਨਾਲ ਨਾਲ ਮੈਡੀਕਲ ਵੈਨ ਵੀ ਮੌਜੂਦ ਰਹੀ। ਇਸ ਤੋਂ ਪਹਿਲਾਂ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਓਕਾਫ ਬੋਰਡ ਦੇ ਸਕੱਤਰ ਜਨਾਬ ਤਾਰਿਕ ਵਜੀਰ ਖਾਂ, ਇਮਰਾਨ ਗੋਂਦਲ, ਪਾਕਿਸਤਾਨ ਕਮੇਟੀ ਪ੍ਰਧਾਨ ਸ. ਸਤਵੰਤ ਸਿੰਘ, ਜਨਰਲ ਸਕੱਤਰ ਸ. ਅਮੀਰ ਸਿੰਘ ਅਤੇ ਹੋਰ ਕਮੇਟੀ ਦੇ ਮੈਂਬਰਾਂ ਨੂੰ ਸਿਰੋਪਾਓ, ਮਾਡਲ, ਸ੍ਰੀ ਸਾਹਿਬ ਅਤੇ ਸੋਨੇ ਦੇ ਵਿਸ਼ੇਸ਼ ਸਿੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਿੰਘ ਸਾਹਿਬਾਨ, ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਨਨਕਾਣਾ ਸਾਹਿਬ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ‘ਚ ਸਦਾ ਚਮਕੇਗਾ- ਭਾਈ ਲੌਂਗੋਵਾਲ

ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਅਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪ੍ਰਮੁੱਖ ਸ਼ਖਸੀਅਤਾਂ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਦੇਸ਼ ਵੰਡ ਮਗਰੋਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਭਾਰਤ ਵਿਚਲੇ ਪੰਜ ਤਖ਼ਤਾਂ ਲਈ ਨਗਰ ਕੀਰਤਨ ਨਾਲ ਗੁਰੂ ਨਾਨਕ ਸਾਹਿਬ ਦੇ ੫੫੦ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਲੜੀ ਵਿਚ ਇਕ ਇਤਿਹਾਸਕ ਪੰਨਾ ਦਰਜ਼ ਹੋ ਗਿਆ ਹੈ, ਜੋ ਇਤਿਹਾਸ ਅੰਦਰ ਸਦਾ ਸੁਨਹਿਰੀ ਅੱਖਰਾਂ ਵਿਚ ਚਮਕਦਾ ਰਹੇਗਾ। ਉਨ੍ਹਾਂ ਆਖਿਆ ਕਿ ਇਹ ਗੁਰੂ ਸਾਹਿਬ ਦੀ ਮਿਹਰ ਨਾਲ ਹੀ ਸੰਭਵ ਹੋਇਆ ਹੈ, ਯਤਨ ਭਾਵੇਂ ਹਰ ਇਕ ਨੇ ਕੀਤੇ ਹਨ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਦਿਖਾਈ ਗਈ ਵਿਸ਼ੇਸ਼ ਰੁਚੀ ਨੂੰ ਵੀ ਸਲਾਹਿਆ ਅਤੇ ਅਜਿਹੇ ਸਹਿਯੋਗ ਦੀ ਅੱਗੋਂ ਲਈ ਵੀ ਆਸ ਪ੍ਰਗਟ ਕੀਤੀ। ਭਾਈ ਲੌਂਗੋਵਾਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਮਗਰੋਂ ਸਿੱਖਾਂ ਨੂੰ ਦਿੱਤਾ ਗਿਆ ਇਹ ਦੂਸਰਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਇਸ ਨਗਰ ਕੀਰਤਨ ਦੀ ਪ੍ਰਸ਼ੰਸਾ ਹੋ ਰਹੀ ਹੈ ਅਤੇ ਇਸ ਨਾਲ ਪਿਆਰ, ਭਾਈਚਾਰਕ ਸਾਂਝ, ਸਦਭਾਵਨਾ, ਭਰਾਤਰੀ ਭਾਵ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਨਗਰ ਕੀਰਤਨ ਲਈ ਸਹਿਯੋਗ ਦੇਣ ‘ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਓਕਫ ਬੋਰਡ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ, ਨਿਹੰਗ ਸਿੰਘ ਜਥੇਬੰਦੀਆਂ, ਸਭਾ-ਸੁਸਾਇਟੀਆਂ, ਸਿੰਘ ਸਭਾਵਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।

ਗੁਰੂ ਨਾਨਕ ਸਾਹਿਬ ਦਾ ਫਲਸਫਾ ਅਜੋਕੀਆਂ ਮਨੁੱਖੀ ਸਮੱਸਿਆਵਾਂ ਦਾ ਸਭ ਤੋਂ ਸਟੀਕ ਹੱਲ- ਗਿਆਨੀ ਹਰਪ੍ਰੀਤ ਸਿੰਘ

ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜੋਕੇ ਵਿਸ਼ਵ ਪ੍ਰਸੰਗ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਵਖਿਆਨ ਕਰਦਿਆਂ ਕਿਹਾ ਕਿ ਅੱਜ ਮਨੁੱਖਤਾ ਨੂੰ ਦਰਪੇਸ਼ ਆਰਥਿਕ, ਸਮਾਜਿਕ, ਧਾਰਮਿਕ, ਰਾਜਨੀਤਿਕ ਸਮੱਸਿਆਵਾਂ ਦਾ ਹੱਲ ਗੁਰੂ ਨਾਨਕ ਸਾਹਿਬ ਦੇ ਫਲਸਫੇ ਅਨੁਸਾਰ ਜੀਵਨ ਜੀਅ ਕੇ ਸਹਿਜੇ ਹੀ ਕੀਤਾ ਜਾ ਸਕਦਾ ਹੈ। ਸਿੰਘ ਸਾਹਿਬ ਨੇ ਪਹਿਲੇ ਪਾਤਸ਼ਾਹ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਹਰ ਸਿੱਖ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਆਪਣੇ ਸੰਦੇਸ਼ ਰਾਹੀਂ ਕਿਹਾ ਕਿ ਗੁਰੂ ਸਾਹਿਬ ਨੇ ਸ਼ਬਦ ਦੀ ਤਾਕਤ ਨਾਲ ਮਨੁੱਖਤਾ ਨੂੰ ਜੀਵਨ ਬਿਹਤਰ ਬਣਾਉਣ ਦੀ ਜੁਗਤ ਦੱਸੀ ਸੀ, ਜੋ ਅਗਿਆਨਤਾ ਦਾ ਅਨ੍ਹੇਰਾ ਦੂਰ ਕਰਕੇ ਲੋਕਾਈ ਨੂੰ ਰੋਸ਼ਨ ਜੀਵਨ ਮਾਰਗ ਦਿਖਾਉਂਦੀ ਹੈ। ਉਨ੍ਹਾਂ ਅੱਜ ਦੇ ਨਗਰ ਕੀਰਤਨ ਲਈ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ, ਸਿੱਖ ਸੰਸਥਾਵਾਂ ਅਤੇ ਸੰਗਤਾਂ ਨੂੰ ਵਧਾਈ ਦਿੱਤੀ, ਉਥੇ ਹੀ ਕਿਹਾ ਕਿ ਸੰਸਾਰ ਵਿਚ ਅੰਤਰ ਧਰਮ ਸਦਭਾਵਨਾ ਲਈ ਇਹ ਇਕ ਚੰਗੀ ਸ਼ੁਰੂਆਤ ਹੈ, ਜਿਸ ਨੂੰ ਅੱਗੇ ਵਧਾਉਣ ਲਈ ਇਹੀ ਭਾਵਨਾ ਬਰਕਰਾਰ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਸਾਰੀਆਂ ਸਿੱਖ ਸੰਸਥਾਵਾਂ, ਜਥੇਬੰਦੀਆਂ, ਕੌਮਾਂਤਰੀ ਸਿੱਖ ਕਮੇਟੀਆਂ ਅਤੇ ਸੰਗਤਾਂ ਵੱੱਲੋਂ ਸਾਂਝੇ ਤੌਰ ‘ਤੇ ਲਾਹੌਰ ਵਿਖੇ ਮਨਾਉਣ ਲਈ ਯਤਨ ਕੀਤੇ ਜਾਣਗੇ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਸਿੱਖਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਤਰ੍ਹਾਂ ਦੇ ਯਤਨ ਹੋਣਗੇ।

ਪਾਕਿਸਤਾਨ ਸਰਕਾਰ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਦੇਵੇਗੀ ਖੁੱਲ੍ਹਦਿਲੀ ਨਾਲ ਵੀਜ਼ੇ- ਜਨਾਬ ਤਾਰਿਕ ਵਜੀਰ

ਓਕਾਫ ਬੋਰਡ ਦੇ ਸਕੱਤਰ ਜਨਾਬ ਤਾਰਿਕ ਵਜੀਰ ਖਾਂ ਨੇ ਸ੍ਰੀ ਨਨਕਾਣਾ ਸਾਹਿਬ ਪੁੱਜੀਆਂ ਸੰਗਤਾਂ ਦਾ ਸਵਾਗਤ ਕਰਦਿਆਂ ਆਖਿਆ ਕਿ ੫੫੦ ਸਾਲਾ ਪ੍ਰਕਾਸ਼ ਪੁਰਬ ਸਮੁੱਚੇ ਵਿਸ਼ਵ ਦੀਆਂ ਸੰਗਤਾਂ ਨੂੰ ਜੋੜਨ ਲਈ ਅਹਿਮ ਮੌਕਾ ਹੈ।ਉਨ੍ਹਾਂ ਦੱਸਿਆ ਕਿ ਇਸ ਮਹੱਤਵਪੂਰਨ ਸਮੇਂ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਸਰਕਾਰ ਵੱਲੋਂ ਵੱਡੀ ਪੱਧਰ ‘ਤੇ ਸੰਗਤਾਂ ਨੂੰ ਵੀਜ਼ੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਉਣ ਵਾਲੀਆਂ ਸੰਗਤਾਂ ਦੀ ਖ਼ਾਤਰਦਾਰੀ ਕਰਨਾ ਓਕਾਫ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੀ ਜ਼ੁੰਮੇਵਾਰੀ ਹੈ, ਜਿਸ ਨੂੰ ਨਿਭਾਉਣ ਲਈ ਉਹ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਪ੍ਰਕਾਸ਼ ਪੁਰਬ ਸਮਾਗਮਾਂ ਲਈ ਬਿਲਕੁਲ ਤਿਆਰ ਹਨ। ਤਾਰਿਕ ਵਜੀਰ ਖਾਂ ਨੇ ਆਖਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਾਗਮਾਂ ਦੀ ਵਿਉਂਤਬੰਦੀ ਵਿਚ ਲੱਗੀ ਹੋਈ ਹੈ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਤੇ ਹੋਰਨਾਂ ਦੇ ਤਜ਼ਰਬੇ ਦਾ ਫ਼ਾਇਦਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਵਿਕਾਸ ਕਾਰਜ ਸਿੱਖਾਂ ਦੇ ਮਸ਼ਵਰੇ ਨਾਲ ਹੀ ਕਰਵਾਏ ਜਾਣਗੇ ਅਤੇ ਹਰ ਕਾਰਜ ਲਈ ਸਿੱਖ ਭਾਵਨਾਵਾਂ ਦਾ ਖ਼ਿਆਲ ਰੱਖਿਆ ਜਾਵੇਗਾ। ਉਨ੍ਹਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਜਲਦ ਮੁਕੰਮਲ ਕਰਨ ਦੀ ਗੱਲ ਵੀ ਆਖੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ, ਸਿੰਘ ਸਾਹਿਬਾਨ ਆਦਿ ਨੂੰ ਲਾਂਘੇ ਦੇ ਉਦਘਾਟਨ ਸਮੇਂ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ।

ਗੁਰੂ ਨਾਨਕ ਸਾਹਿਬ ਭਾਈਚਾਰਕ ਏਕਤਾ ਦੇ ਮਸੀਹਾ- ਪਾਕਿਸਤਾਨ ਕਮੇਟੀ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਤਵੰਤ ਸਿੰਘ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈਚਾਰਕ ਏਕਤਾ ਦੀ ਗੱਲ ਕੀਤੀ, ਜੋ ਵਿਸ਼ਵ ਦੇ ਧਾਰਮਿਕ ਇਤਿਹਾਸਕ ਅੰਦਰ ਨਵੇਕਲੀ ਪੈੜ ਸੀ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਦੀ ਸ਼ਖ਼ਸੀਅਤ ਬ੍ਰਹਿਮੰਡੀ ਹੈ, ਜਿਸ ਦੀ ਵਿਸ਼ਵ ਵਿਚ ਵੱਸਣ ਵਾਲੇ ਲੋਕਾਂ ਅੰਦਰ ਭਾਰੀ ਮਾਨਤਾ ਹੈ। ਉਨ੍ਹਾਂ ਨਗਰ ਕੀਰਤਨ ਨੂੰ ਇਤਿਹਾਸਕ ਮੌਕਾ ਦੱਸਦਿਆਂ ਕਿਹਾ ਕਿ ਇਹ ਸਿੱਖ ਇਤਿਹਾਸ ਅੰਦਰ ਯਾਦਗਾਰੀ ਪਲਾਂ ਵਜੋਂ ਅੰਕਿਤ ਹੋਵੇਗਾ। ਉਨ੍ਹਾਂ ਸਮੁੱਚੀਆਂ ਸੰਗਤਾਂ ਦਾ ਪਾਕਿਸਤਾਨ ਪੁੱਜਣ ‘ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ. ਅਮੀਰ ਸਿੰਘ ਨੇ ਆਖਿਆ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਸੰਗਤਾਂ ਦੀਆਂ ਲੱਗੀਆਂ ਰੌਣਕਾਂ ਸਾਂਝਾਂ ਦਾ ਪ੍ਰਤੀਕ ਹਨ। ਉਨ੍ਹਾਂ ਆਖਿਆ ਕਿ ਅਜਿਹੇ ਮੌਕੇ ਮੁੱਦਤਾਂ ਬਾਅਦ ਬਣਦੇ ਹਨ। ਸ. ਅਮੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਸਤਿਕਾਰ ਦੀ ਗੱਲ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਹਰ ਮਸਲੇ ਦਾ ਹੱਲ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੀ ਨਿਕਲ ਸਕਦਾ ਹੈ ਅਤੇ ਇਸ ਮਹਾਨ ਤਖ਼ਤ ਦੀਆਂ ਸ਼ਾਨਾਂ ਨੇ ਸਿੱਖਾਂ ਦੀ ਵਿਲੱਖਣ ਹੋਂਦ ਹਸਤੀ ਵਿਸ਼ਵ ਵਿਚ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸੇਵਾ ਵਿਚ ਹਰ ਤਰ੍ਹਾਂ ਹਾਜ਼ਰ ਰਹੇਗੀ। ਪਾਕਿਸਤਾਨ ਦੇ ਨੌਜੁਆਨ ਸਿੱਖ ਆਗੂ ਡਾ. ਮਹੀਪਾਲ ਸਿੰਘ ਨੇ ਵੀ ਸੰਗਤਾਂ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਦੁਨੀਆਂ ਦੀ ਬਿਹਤਰ ਜੀਵਨ ਜਾਂਚ ਦੱਸਦਿਆਂ ਹਰ ਇਕ ਨੂੰ ਇਸ ਅਨੁਸਾਰ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨਗਰ ਕੀਰਤਨ ਦੇ ਇਤਿਹਾਸਕ ਮੌਕੇ ਨੂੰ ਵਿਸ਼ਵ ਪ੍ਰਸੰਗ ਵਿਚ ਨਵੇਕਲੀ ਪਹਿਲ ਦੱਸਿਆ।
ਨਗਰ ਕੀਰਤਨ ਦੀ ਆਰੰਭਤਾ ਮੌਕੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਬਿੱਕਰ ਸਿੰਘ ਚੰਨੂ, ਸ. ਹੀਰਾ ਸਿੰਘ ਗਾਬੜੀਆ, ਅੰਤ੍ਰਿੰਗ ਮੈਂਬਰ ਭਾਈ ਮਨਜੀਤ ਸਿੰਘ, ਸ. ਭੁਪਿੰਦਰ ਸਿੰਘ ਭਲਵਾਨ, ਸ. ਖ਼ੁਸ਼ਵਿੰਦਰ ਸਿੰਘ ਭਾਟੀਆ, ਸ. ਸ਼ਿੰਗਾਰਾ ਸਿੰਘ ਲੋਹੀਆਂ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਸ. ਭਗਵੰਤ ਸਿੰਘ ਸਿਆਲਕਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੋਹਣ ਸਿੰਘ ਠੰਡਲ, ਸ. ਸੁਖਵਰਸ਼ ਸਿੰਘ ਪੰਨੂ, ਸ. ਗੁਰਦੀਪ ਸਿੰਘ ਭਾਟੀਆ, ਮੁੱਖ ਸਕੱਤਰ ਡਾ. ਰੂਪ ਸਿੰਘ, ਸ. ਕਰਨੈਲ ਸਿੰਘ ਪੰਜੋਲੀ, ਸ. ਹਰਪਾਲ ਸਿੰਘ ਜੱਲ੍ਹਾ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਮੇਜਰ ਸਿੰਘ ਢਿੱਲੋਂ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਸ. ਕੌਰ ਸਿੰਘ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਰਣਜੀਤ ਸਿੰਘ ਕਾਹਲੋਂ, ਸ. ਗੁਰਮੇਲ ਸਿੰਘ ਸੰਗਤਪੁਰਾ, ਸ. ਮਨਜੀਤ ਸਿੰਘ ਬੱਪੀਆਣਾ, ਸ. ਕੁਲਵੰਤ ਸਿੰਘ ਮੰਨਣ, ਸ. ਗੁਰਤੇਜ ਸਿੰਘ ਢੱਡੇ, ਸ. ਗੁਰਪ੍ਰਤਾਪ ਸਿੰਘ ਟਿੱਕਾ, ਸ. ਅਮਰਬੀਰ ਸਿੰਘ ਢੋਟ, ਬੀਬੀ ਹਰਜਿੰਦਰ ਕੌਰ, ਬੀਬੀ ਕਿਰਨਜੋਤ ਕੌਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਬੀਬੀ ਪਰਮਜੀਤ ਕੌਰ ਲਾਂਡਰਾਂ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰੇਮ ਸਿੰਘ, ਭਾਈ ਦਇਆ ਸਿੰਘ, ਸ. ਤਲਵਿੰਦਰ ਸਿੰਘ ਬੁੱਟਰ, ਸ. ਰਾਜਿੰਦਰ ਸਿੰਘ ਰੂਬੀ, ਸ. ਬਘੇਲ ਸਿੰਘ, ਸ. ਜਗਸੀਰ ਸਿੰਘ ਚੇਅਰਮੈਨ, ਪਾਕਿਸਤਾਨ ਕਮੇਟੀ ਦੇ ਮੈਂਬਰ, ਪਾਕਿਸਤਾਨ ਦੀਆਂ ਪ੍ਰਮੁੱਖ ਸ਼ਖ਼ਸ਼ੀਅਤਾਂ ਤੇ ਸੰਗਤਾਂ ਮੌਜੂਦ ਸਨ।