ਅੰਮ੍ਰਿਤਸਰ, 17 ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਦਿੱਲੀ ਸਥਿਤ ਸਿੰਘੂ ਬਾਰਡਰ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੇਵਾਵਾਂ ਲਗਾਤਾਰ ਜਾਰੀ ਹਨ। ਬੀਤੇ ਕਈ ਦਿਨਾਂ ਤੋਂ ਲੰਗਰ, ਸਿਹਤ ਸੇਵਾਵਾਂ, ਕਿਸਾਨਾਂ ਦੇ ਠਹਿਰਣ ਲਈ ਰੈਣ-ਬਸੇਰੇ, ਬਿਸਤਰੇ ਅਤੇ ਖਾਸਕਰ ਬੀਬੀਆਂ ਲਈ ਪਖਾਨਿਆਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਕਿਸਾਨਾਂ ਲਈ ਵੱਖ-ਵੱਖ ਸੇਵਾਵਾਂ ਦੀ ਨਿਗਰਾਨੀ ਲਈ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਅੰਤ੍ਰਿੰਗ ਮੈਂਬਰ ਅਤੇ ਮੈਂਬਰ ਸਾਹਿਬਾਨ ਸਮੇਂ-ਸਮੇਂ ਸੇਵਾਵਾਂ ਨਿਭਾ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਚੱਲ ਰਹੀਆਂ ਸੇਵਾਵਾਂ ਦੀ ਦੇਖ-ਰੇਖ ਲਈ ਅੱਜ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵਡ ਅਤੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਦੇ ਡੀਨ ਡਾ. ਏ.ਪੀ. ਸਿੰਘ ਪੁੱਜੇ ਅਤੇ ਚੱਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਸਿਹਤ ਸੇਵਾਵਾਂ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ, ਸ੍ਰੀ ਅੰਮ੍ਰਿਤਸਰ ਅਤੇ ਮੀਰੀ ਪੀਰੀ ਮੈਡੀਕਲ ਕਾਲਜ ਦੀਆਂ ਸਿਹਤ ਟੀਮਾਂ ਕਾਰਜਸ਼ੀਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਦੇ ਮੁਲਾਜ਼ਮਾਂ ਵੱਲੋਂ ਲੰਗਰਾਂ ਅਤੇ ਹੋਰ ਪ੍ਰਬੰਧਾਂ ਲਈ ਸੇਵਾ ਨਿਭਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਠੰਡ ਕਾਰਨ ਲੋੜ ਨੂੰ ਵੇਖਦਿਆਂ ਬਿਸਤਰਿਆਂ ਦੀ ਗਿਣਤੀ ਵਧਾਈ ਗਈ ਹੈ ਅਤੇ ਲੋੜ ਅਨੁਸਾਰ ਹੋਰ ਪ੍ਰਬੰਧ ਵੀ ਕੀਤੇ ਜਾਣਗੇ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਤੇ ਕੱਲ੍ਹ ਕਿਸਾਨ ਸੰਘਰਸ਼ ਦੌਰਾਨ ਬਾਬਾ ਰਾਮ ਸਿੰਘ ਸੀਂਗੜਾ ਕਰਨਾਲ ਵਾਲਿਆਂ ਦੇ ਅਕਾਲ ਚਲਾਣੇ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਭਾਰਤ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਿਸਾਨੀ ਕਾਨੂੰਨਾਂ ਨੂੰ ਲੈ ਕੇ ਬਿਨਾ ਵਜ੍ਹਾ ਅੜ੍ਹੇ ਹੋਏ ਹਨ, ਜਿਸ ਦਾ ਪੂਰੇ ਦੇਸ਼ ਨੂੰ ਨੁਕਸਾਨ ਹੋ ਰਿਹਾ ਹੈ।