ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਅੰਮ੍ਰਿਤ ਸੰਚਾਰ ‘ਚ 1 ਹਜ਼ਾਰ ਤੋਂ ਵੱਧ ਪ੍ਰਾਣੀ ਗੁਰੂ ਵਾਲੇ ਬਣੇ

ਅੰਮ੍ਰਿਤਸਰ ੧੩ ਅਪ੍ਰੈਲ (       ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਖ਼ਾਲਸਾ ਸਾਜਨਾ ਦਿਵਸ (ਵੈਸਾਖੀ) ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਆਈਆਂ ਸੰਗਤਾਂ ਨੇ ਦਰਸ਼ਨ-ਇਸ਼ਨਾਨ ਕਰਕੇ ਆਸਥਾ ਦੇ ਕੇਂਦਰ ਪ੍ਰਤੀ ਆਪਣੀਆਂ ਮਨੋਭਾਵਨਾਵਾਂ ਦਾ ਪ੍ਰਗਟਾਵਾ ਕੀਤਾ।ਖ਼ਾਲਸਾ ਸਾਜਨਾ ਦਿਵਸ (ਵੈਸਾਖੀ) ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਅੰਮ੍ਰਿਤ ਸੰਚਾਰ ‘ਚ ੧ ਹਜ਼ਾਰ ਤੋਂ ਵੱਧ ਪ੍ਰਾਣੀ ਗੁਰੂ ਵਾਲੇ ਬਣੇ।
ਦੱਸਣਯੋਗ ਹੈ ਕਿ ਵੈਸਾਖੀ ਵਾਲੇ ਦਿਨ ੧੬੯੯ ਈ: ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਭਰੇ ਦੀਵਾਨ ਵਿੱਚ ਤੇਗ ਦੀ ਧਾਰ ਹੇਠ ਪ੍ਰੀਖਿਆ ਕਰਕੇ ‘ਪੰਜਾਂ ਪਿਆਰਿਆਂ’ ਦੀ ਚੋਣ ਕੀਤੀ ਤੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ਆਪ ਉਨ੍ਹਾਂ ਤੋਂ ਅੰਮ੍ਰਿਤ ਛੱਕਿਆ।ਇਸ ਤਰ੍ਹਾਂ ‘ਖਾਲਸਾ ਪੰਥ’ ਦੀ ਸਾਜਨਾ ਕੀਤੀ ਤੇ ਇਸ ਦਿਨ (ਵੈਸਾਖੀ) ਨੂੰ ਭਾਗਾਂ ਵਾਲਾ ਬਣਾਇਆ।
ਇਸ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਏ ਗਏ ਧਾਰਮਿਕ ਦੀਵਾਨ ‘ਚ ਢਾਡੀ ਭਾਈ ਭੁਪਿੰਦਰ ਸਿੰਘ ਪ੍ਰੀਤ, ਭਾਈ ਹਰਭਜਨ ਸਿੰਘ ਤੇ ਬੀਬੀ ਪ੍ਰਕਾਸ਼ ਕੌਰ ਖਾਲਸਾ ਅਤੇ ਕਵੀਸ਼ਰ ਭਾਈ ਕੁਲਜੀਤ ਸਿੰਘ ਨੇ ਸੰਗਤਾਂ ਨੂੰ ਬੀਰ-ਰਸੀ ਵਾਰਾਂ ਰਾਹੀਂ ਨਿਹਾਲ ਕੀਤਾ।ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ‘ਚ ਭਾਈ ਅਜੀਤ ਸਿੰਘ ਰਤਨ, ਭਾਈ ਚੈਨ ਸਿੰਘ ਚੱਕਰਵਰਤੀ, ਭਾਈ ਸਤਬੀਰ ਸਿੰਘ ਸ਼ਾਨ, ਭਾਈ ਪਿਆਰਾ ਸਿੰਘ ਜਾਚਕ, ਭਾਈ ਤਰਲੋਕ ਸਿੰਘ ਦੀਵਾਨਾ, ਭਾਈ ਅਵਤਾਰ ਸਿੰਘ ਤਾਰੀ, ਭਾਈ ਕੁਲਵੰਤ ਸਿੰਘ ਕੋਮਲ, ਭਾਈ ਗਿਆਨ ਸਿੰਘ ਘਈ, ਭਾਈ ਕੁਲਦੀਪ ਸਿੰਘ ਨਿਰਛਲ, ਭਾਈ ਜਸਬੀਰ ਸਿੰਘ ਤੇਗ, ਭਾਈ ਰਣਜੀਤ ਸਿੰਘ ਰਾਣਾ, ਭਾਈ ਮਲਕੀਤ ਸਿੰਘ ਮੱਤੇਵਾਲ, ਭਾਈ ਹਰੀ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਗੁਰਬਚਨ ਸਿੰਘ ਮਾਹੀਆ, ਬੀਬੀ ਮਨਜੀਤ ਕੌਰ ਪਹੂਵਿੰਡ ਤੇ ਬੀਬੀ ਮਨਜੀਤ ਕੌਰ ਅੰਮ੍ਰਿਤਸਰ ਨੇ ਸੰਗਤਾਂ ਨੂੰ ਵੈਸਾਖੀ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ।ਧਾਰਮਿਕ ਦੀਵਾਨ ਸਮੇਂ ਸਟੇਜ ਦੀ ਸੇਵਾ ਭਾਈ ਸਰਵਨ ਸਿੰਘ, ਭਾਈ ਖਜ਼ਾਨ ਸਿੰਘ ਤੇ ਭਾਈ ਪਰਮਿੰਦਰ ਸਿੰਘ ਪ੍ਰਚਾਰਕ ਨੇ ਬਾਖੂਬੀ ਨਿਭਾਈ।