ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਕ੍ਰਾਂਤੀਕਾਰੀ ਅਤੇ ਦਾਰਸ਼ਨਿਕ ਰਹਿਬਰ-ਪ੍ਰੋ. ਬਡੂੰਗਰ
ਵਿਦਵਾਨਾਂ ਨੇ ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ‘ਤੇ ਪੜ੍ਹੇ ਖੋਜ ਭਰਪੂਰ ਪਰਚੇ


ਤਲਵੰਡੀ ਸਾਬੋ, ੧੬ ਅਗਸਤ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸ਼ਟਰੀ ਸੈਮੀਨਾਰਾਂ ਦੀ ਲੜੀ ਤਹਿਤ ਗੁਰਦੁਆਰਾ ਜੰਡ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸੈਮੀਨਾਰ ਕਮੇਟੀ ਦੇ ਮੁਖੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਕ੍ਰਾਂਤੀਕਾਰੀ ਅਤੇ ਦਾਰਸ਼ਨਿਕ ਰਹਿਬਰ ਸਨ, ਜਿਨ੍ਹਾਂ ਨੇ ਸਮਾਜ ਨੂੰ ਉੱਚਾ ਚੁੱਕਣ ਲਈ ਸਰਬਕਾਲੀ ਵਿਚਾਰਧਾਰਾ ਦੇ ਕੇ ਧਾਰਮਿਕ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਉਨ੍ਹਾਂ ਕਿਹਾ ਕਿ ੫੫੦ਵਾਂ ਪ੍ਰਕਾਸ਼ ਪੁਰਬ ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ ਅਤੇ ਉਪਦੇਸ਼ਾਂ ਨੂੰ ਸਮਝਣ ਤੇ ਖੋਜਣ ਦਾ ਇਕ ਸੁਨਹਿਰੀ ਮੌਕਾ ਹੈ, ਜਿਸ ਦੀ ਸਦ-ਵਰਤੋਂ ਕਰਕੇ ਨੌਜੁਆਨੀ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਕੌਮੀ ਤੇ ਕੌਮਾਂਤਰੀ ਸੈਮੀਨਾਰਾਂ ਦੀ ਲੜੀ ਸ਼ੁਰੂ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਸ਼ੰਸਾ ਵੀ ਕੀਤੀ।
ਇਸ ਮੌਕੇ ਫੈਡਰੇਸ਼ਨ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਮਨੁੱਖੀ ਜੀਵਨ ਦੀਆਂ ਉਲਝਣਾਂ ਦੇ ਹੱਲ ਲਈ ਉੱਤਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਗੁਰੂ ਸਾਹਿਬ ਦੇ ਉਪਦੇਸ਼ ਮਾਰਗ-ਦਰਸ਼ਨ ਹਨ। ਭਾਈ ਗਰੇਵਾਲ ਨੇ ਕੌਮ ਨੂੰ ਸੰਵਾਦ ਦੇ ਰਾਹ ਚੱਲਣ ਦੀ ਪ੍ਰੇਰਣਾ ਦਿੰਦਿਆਂ ੫੫੦ਵਾਂ ਪ੍ਰਕਾਸ਼ ਪੁਰਬ ਨੂੰ ਕੌਮੀ ਇਕਜੁਟਤਾ ਨਾਲ ਮਨਾਉਣ ਦੀ ਅਪੀਲ ਵੀ ਕੀਤੀ। ਸੈਮੀਨਾਰ ਦੌਰਾਨ ਡਾ. ਕੰਵਲਜੀਤ ਸਿੰਘ ਪ੍ਰਿੰਸੀਪਲ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵੱਲੋਂ ‘ਮਨੁੱਖ ਦੇ ਅਧੁਨਿਕ ਸੰਕਟ ਤੇ ਹੱਲ’ ਅਤੇ ਡਾ. ਸਰਬਜੋਤ ਕੌਰ ਪ੍ਰੋਫੈਸਰ ਗੁਰੂ ਨਾਨਕ ਇੰਜੀ: ਕਾਲਜ ਲੁਧਿਆਣਾ ਵੱਲੋਂ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਵਿਸ਼ਿਆਂ ‘ਤੇ ਖੋਜ ਭਰਪੂਰ ਪਰਚੇ ਪੜ੍ਹੇ ਗਏ। ਇਸ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰੋ. ਇੰਦਰਪ੍ਰੀਤ ਕੌਰ ਮਾਤਾ ਸਾਹਿਬ ਕੋਰ ਗਰਲਜ਼ ਕਾਲਜ ਤਲਵੰਡੀ ਸਾਬੋ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੀਆਂ ਵਿਦਿਆਰਥਣਾਂ ਨੇ ਗੁਰਬਾਣੀ ਕੀਰਤਨ ਕਰਕੇ ਸੈਮੀਨਾਰ ਦੀ ਆਰੰਭਤਾ ਕੀਤੀ। ਸੈਮੀਨਾਰ ਦੌਰਾਨ ਪ੍ਰੋ. ਬਡੂੰਗਰ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜਥੇਦਾਰ ਅਮਰੀਕ ਸਿੰਘ ਕੋਟਸ਼ਮੀਰ ਅੰਤ੍ਰਿੰਗ ਮੈਂਬਰ ਅਤੇ ਪ੍ਰਿੰਸੀਪਲ ਕਵਲਜੀਤ ਕੌਰ ਨੇ ਸਨਮਾਨਿਤ ਕੀਤਾ।
ਸੈਮੀਨਾਰ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇਦਾਰ ਅਮਰੀਕ ਸਿੰਘ ਕੋਟਸ਼ਮੀਰ, ਮੈਂਬਰ ਸ. ਜੈਪਾਲ ਸਿੰਘ ਮੰਡੀਆਂ, ਸ. ਗੁਰਮੀਤ ਸਿੰਘ ਬੂਹ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਪ੍ਰੋ. ਸੁਖਦੇਵ ਸਿੰਘ, ਡਾ. ਕਵਲਜੀਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਸ. ਕਰਨ ਸਿੰਘ ਮੈਨੇਜਰ, ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ, ਸ. ਭੋਲਾ ਸਿੰਘ ਸਬ-ਆਫ਼ਿਸ, ਸ. ਭਗਵੰਤ ਸਿੰਘ ਧੰਗੇੜਾ, ਸ. ਅਮਰਜੀਤ ਸਿੰਘ ਕਾਰਜਕਾਰੀ ਪ੍ਰਿੰਸੀਪਲ ਗੁਰੂ ਕਾਸ਼ੀ ਕਾਲਜ, ਸ. ਮਨਪ੍ਰੀਤ ਸਿੰਘ, ਪ੍ਰੋ. ਪ੍ਰਮਿੰਦਰ ਸਿੰਘ, ਸ. ਰਾਜਿੰਦਰ ਸਿੰਘ, ਪ੍ਰੋ. ਗੁਰਤੇਜ ਸਿੰਘ ਠੀਕਰੀਵਾਲਾ, ਸ. ਭੁਪਿੰਦਰ ਸਿੰਘ, ਸ. ਅਮਨਦੀਪ ਸਿੰਘ ਫੱਤਾ ਆਦਿ ਮੌਜੂਦ ਸਨ।