ਅਜੋਕੇ ਵਿਸ਼ਵ ਪ੍ਰਸੰਗ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਹੀ ਕਰ ਸਕਦੀਆਂ ਨੇ ਵਿਸਮਾਦੀ ਤੇ ਆਦਰਸ਼ਕ ਸਮਾਜ ਦੀ ਸਿਰਜਣਾ

ਸ੍ਰੀ ਅਨੰਦਪੁਰ ਸਾਹਿਬ, 12 ਸਤੰਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰੰਭੀ ਸੈਮੀਨਾਰਾਂ ਦੀ ਲੜੀ ਤਹਿਤ ਅੱਜ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਵਿਦਵਾਨਾਂ ਅਤੇ ਬੁਲਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫ਼ਲਸਫ਼ੇ ਦੀ ਅਜੋਕੇ ਵਿਸ਼ਵ ਪ੍ਰਸੰਗ ‘ਚ ਵਿਆਖਿਆ ਕਰਦਿਆਂ ਆਖਿਆ ਕਿ ਅੱਜ ਵਿਸ਼ਵ ਚੇਤਨਾ ਜਾਂ ਸੰਸਾਰ ‘ਚ ਸੁੱਖ-ਸ਼ਾਂਤੀ ਦੀ ਸਦੀਵੀ ਬਹਾਲੀ ਦਾ ਜੇਕਰ ਕੋਈ ਨਮੂਨਾ (ਮਾਡਲ) ਹੈ ਤਾਂ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨਾਲੋਂ ਵੱਧ ਸਟੀਕ ਹੋਰ ਕੋਈ ਨਹੀਂ ਹੈ।
ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੈਮੀਨਾਰ ਕਮੇਟੀ ਦੇ ਕਨਵੀਨਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜੋਕੇ ਸੰਸਾਰ ਪ੍ਰਸੰਗ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਨਵੀਆਂ ਅੰਤਰ-ਦ੍ਰਿਸ਼ਟੀਆਂ ਦੇਣ ਦੀ ਲੋੜ ਹੈ, ਤਾਂ ਜੋ ਤ੍ਰਿਸ਼ਨਾਵਾਂ, ਨਫ਼ਰਤ ਅਤੇ ਵਾਤਾਵਰਨ ਸੰਕਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਸੰਸਾਰ ਭਾਈਚਾਰੇ ਨੂੰ ਜੀਵਨ ਦੇ ਹਰ ਖੇਤਰ ‘ਚ ਸੁਚੱਜੀ ਅਗਵਾਈ ਕਰਨ ਵਾਲਾ ਮਾਡਲ ਦਿੱਤਾ ਜਾ ਸਕੇ।
ਸੈਮੀਨਾਰ ਦੇ ਮੁੱਖ ਮਹਿਮਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣਾ ਤਾਂ ਹੀ ਸਾਰਥਿਕ ਹੋ ਸਕਦਾ ਹੈ ਜੇਕਰ ਅਸੀਂ ਅੱਜ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈ ਕੇ ਇਕ ਵਿਸਮਾਦੀ ਸਮਾਜ ਦੀ ਸਿਰਜਣਾ ਕਰਨ ਦੇ ਯਤਨ ਕਰੀਏ।
ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਧਰਮ ਦੇ ਪਹਿਲੇ ਆਗੂ ਸਨ, ਜਿਨ੍ਹਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੇ ਆਪਣੇ ਪੀਰ, ਨਬੀ, ਦੇਵਤੇ ਅਤੇ ਗੁਰੂ ਦੇ ਰੂਪ ਵਿਚ ਸ਼ਰਧਾ ਤੇ ਸਤਿਕਾਰ ਭੇਟ ਕੀਤਾ।
ਸਿੱਖਿਆ ਵਿੰਗ, ਪੰਜਾਬ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਡਾ. ਮੁਹੰਮਦ ਰਫ਼ੀ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਅਵਤਾਰਵਾਦ, ਧਰਮ ਦੇ ਨਾਂਅ ‘ਤੇ ਵਹਿਮ-ਭਰਮਾਂ ਅਤੇ ਪਾਖੰਡਵਾਦ ਤੋਂ ਮੁਕਤ ਕਰਵਾਉਣ ਲਈ ਰੱਬੀ ਏਕਤਾ ਦਾ ਨਾਯਾਬ ਸੁਨੇਹਾ ਦਿੱਤਾ ਸੀ, ਜੋ ਅੱਜ ਵੀ ਪ੍ਰਸੰਗਕ ਹੈ।
ਖੇਤੀ ਵਿਰਾਸਤ ਮਿਸ਼ਨ ਦੇ ਮੁਖੀ ਡਾ. ਓਮੇਂਦਰ ਦੱਤ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਪ੍ਰੇਮ ਨੂੰ ਬਹੁਤ ਵਡਿਆਇਆ ਹੈ ਪਰ ਤਰਾਸਦੀ ਦੀ ਗੱਲ ਹੈ ਕਿ ਅੱਜ ਉਸ ਗੁਰੂ ਬਾਬੇ ਦੀ ਧਰਤੀ ਪੰਜਾਬ ‘ਚ ਅਖੌਤੀ ਵਿਕਾਸ ਤੇ ਪੂੰਜੀ ਦੇ ਮੁਨਾਫ਼ੇ ਲਈ ਕੁਦਰਤ ਦਾ ਵੱਡੇ ਪੱਧਰ ‘ਤੇ ਵਿਨਾਸ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਕੁਦਰਤ ਪ੍ਰਤੀ ਫਲਸਫੇ ਨੂੰ ਅਪਨਾਉਣ ਦੀ ਲੋੜ ਹੈ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਪਹਿਲੇ ਅਜਿਹੇ ਧਾਰਮਿਕ ਰਹਿਬਰ ਸਨ, ਜਿਨ੍ਹਾਂ ਨੇ ਗੁਰਬਾਣੀ ਨੂੰ ਸਤਿਗੁਰੂ ਦੇ ਰੂਪ ‘ਚ ਸਤਿਕਾਰ ਦੇਣ ਦੀ ਪਰੰਪਰਾ ਸ਼ੁਰੂ ਕੀਤੀ ਅਤੇ ਅੱਗੋਂ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪੂਰਬਲੇ ਚਾਰ ਗੁਰੂ ਸਾਹਿਬਾਨ (ਸਮੇਤ ਆਪਣੀ ਬਾਣੀ ਦੇ), ੧੫ ਭਗਤਾਂ, ੧੧ ਭੱਟਾਂ ਅਤੇ ਗੁਰੂ-ਘਰ ਦੇ ਚਾਰ ਨਿਕਟਵਰਤੀਆਂ ਦੀ ਬਾਣੀ ਇਕੱਤਰ ਕਰਕੇ ਭਾਈ ਗੁਰਦਾਸ ਜੀ ਦੀ ਸੇਵਾ ਲਗਾ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ‘ਤੇ ਚੱਲਣ ਦੀ ਲੋੜ ‘ਤੇ ਜ਼ੋਰ ਦਿੱਤਾ।
ਸੈਮੀਨਾਰ ਦੇ ਅਖ਼ੀਰ ‘ਚ ਕਾਲਜ ਦੇ ਪ੍ਰਿੰਸੀਪਲ ਡਾ. ਜਸਬੀਰ ਸਿੰਘ ਅਤੇ ਸੈਮੀਨਾਰ ਦੇ ਕੋਆਰਡੀਨੇਟਰ ਸ. ਸੁਖਦੇਵ ਸਿੰਘ ਭੂਰਾਕੋਨਾ ਵਲੋਂ ਮੁੱਖ ਮਹਿਮਾਨ, ਬੁਲਾਰਿਆਂ ਅਤੇ ਆਏ ਪਤਵੰਤਿਆਂ ਦਾ ਡਾ. ਰੂਪ ਸਿੰਘ ਦੀ ਪੁਸਤਕ ‘ਕਲਿ ਤਾਰਣ ਗੁਰੁ ਨਾਨਕ ਆਇਆ’ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਕਾਲਜ ਦੇ ਵਿਦਿਆਰਥੀ, ਇਲਾਕੇ ਦੇ ਪਤਵੰਤਿਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਮੀਤ ਸਕੱਤਰ ਸਿਮਰਜੀਤ ਸਿੰਘ ਕੰਗ, ਸੈਮੀਨਾਰ ਸਬ ਕਮੇਟੀ ਦੇ ਮੈਂਬਰਾਨ ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਕੁਲਦੀਪ ਕੌਰ ਟੌਹੜਾ, ਚਰਨਜੀਤ ਸਿੰਘ ਕਾਲੇਵਾਲ, ਪ੍ਰਿੰ. ਸੁਰਿੰਦਰ ਸਿੰਘ, ਤਲਵਿੰਦਰ ਸਿੰਘ ਬੁੱਟਰ, ਬਾਬਾ ਤੀਰਥ ਸਿੰਘ, ਬੀਬੀ ਭਾਨੀ ਜੀ ਸੇਵਾ ਸੁਸਾਇਟੀ ਦੀ ਪ੍ਰਧਾਨ ਬੀਬੀ ਰਜਿੰਦਰ ਕੌਰ, ਬੀਬੀ ਜਸਵਿੰਦਰ ਕੌਰ, ਪ੍ਰਿੰ. ਸੁਖਦੇਵ ਸਿੰਘ, ਪ੍ਰਿੰ. ਹਰਿਸਿਮਰਨ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ, ਸ. ਹਰਦੇਵ ਸਿੰਘ ਹੈਪੀ ਆਦਿ ਵੀ ਹਾਜ਼ਰ ਸਨ।