ਅੰਮ੍ਰਿਤਸਰ, 20 ਜਨਵਰੀ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਉੜੀਸਾ ਵਿਚ ਅੱਜ ਗੁਰਦੁਆਰਾ ਗੁਰੂ ਨਾਨਕ ਦਾਤਣ ਸਾਹਿਬ ਕੱਟਕ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਉੜੀਸਾ ਸਿੱਖ ਪ੍ਰਤੀਨਿਧ ਬੋਰਡ, ਸਿੰਘ ਸਭਾਵਾਂ ਤੇ ਹੋਰ ਗੁਰਦੁਆਰਾ ਕਮੇਟੀਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸ਼੍ਰੋਮਣੀ ਕਮੇਟੀ ਵੱਲੋਂ ਉੜੀਸਾ ਵਿਚ ਦੋ ਦਿਨਾ ਸਮਾਗਮਾਂ ਤਹਿਤ ਬੀਤੇ ਕੱਲ੍ਹ ਗੁਰਦੁਆਰਾ ਬਾਉਲੀ ਸਾਹਿਬ ਜਗਨਨਾਥ ਪੁਰੀ ਤੋਂ ਗੁਰਦੁਆਰਾ ਦਾਤਣ ਸਾਹਿਬ ਕੱਟਕ ਤੱਕ ਨਗਰ ਕੀਰਤਨ ਸਜਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਦੋਵੇਂ ਹੀ ਗੁਰਦੁਆਰਾ ਸਾਹਿਬ ਪਹਿਲੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹਨ। ਗੁਰਦੁਆਰਾ ਦਾਤਣ ਸਾਹਿਬ ਵਿਖੇ ਹੋਏ ਗੁਰਮਤਿ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਕਮੇਟੀ ਉੜੀਸਾ ਸੂਬੇ ਅੰਦਰ ਸਿੱਖੀ ਦੇ ਪ੍ਰਚਾਰ ਲਈ ਵੱਡੇ ਯਤਨ ਕਰੇਗੀ ਅਤੇ ਜਿਥੇ-ਜਿਥੇ ਵੀ ਪ੍ਰਚਾਰਕਾਂ ਤੇ ਧਾਰਮਿਕ ਅਧਿਆਪਕਾਂ ਦੀ ਲੋੜ ਹੋਵੇਗੀ ਉਸ ਦੀ ਪੂਰਤੀ ਕੀਤੀ ਜਾਵੇਗੀ। ਉਨ੍ਹਾਂ ਗੁਰਦੁਆਰਾ ਬਾਉਲੀ ਸਾਹਿਬ ਜਗਨਨਾਥਪੁਰੀ ਦੇ ਨਿਰਮਾਣ ਦੀ ਜਿੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਦੇਣ ਲਈ ਉੜੀਸਾ ਦੇ ਮੁੱਖ ਮੰਤਰੀ ਅਤੇ ਜਗਨਨਾਥ ਪੁਰੀ ਮੰਦਰ ਟ੍ਰਸਟ ਦਾ ਧੰਨਾਵਦ ਕਰਦਿਆ ਕਿਹਾ ਕਿ ਇਹ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਲਿਆ ਗਿਆ ਫੈਸਲਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਿਥੇ ਗੁਰਦੁਆਰਾ ਦਾਤਣ ਸਾਹਿਬ ਦੀ ਲਾਇਬ੍ਰੇਰੀ ਲਈ ਧਾਰਮਿਕ ਪੁਸਤਕਾਂ ਦਾ ਐਲਾਨ ਕੀਤਾ ਉਥੇ ਹੀ ਇੱਕ ਲੱਖ ਰੁਪਏ ਦੀ ਸਕਾਇਤਾ ਦਾ ਚੈਕ ਵੀ ਦਿੱਤਾ।

ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ਦੌਰਾਨ 22 ਪ੍ਰਾਣੀ ਗੁਰੂ ਵਾਲੇ ਬਣੇ ਜਿਨ੍ਹਾਂ ਨੂੰ ਕਕਾਰ ਸ਼੍ਰੋਮਣੀ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਖ਼ੁਸ਼ਵਿੰਦਰ ਸਿੰਘ ਭਾਟੀਆ, ਮੈਂਬਰ ਸ. ਗੁਰਮੀਤ ਸਿੰਘ ਬੂਹ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂੰ, ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਮੀਤ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਸ. ਕਰਮਬੀਰ ਸਿੰਘ ਕਿਆਮਪੁਰ ਨੂੰ ਸਥਾਨਕ ਸਿੱਖ ਆਗੂਆਂ ਨੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਸਥਾਨਕ ਵਿਧਾਇਕ ਸ੍ਰੀ ਪ੍ਰਵਾਤ ਰੰਜਨ ਵਿਸਵਾਲ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲੌਂਗੋਵਾਲ ਨੇ ਸਨਮਾਨਿਤ ਕੀਤਾ।

ਇਸ ਮੌਕੇ ਹੋਰਨਾ ਤੋਂ ਇਲਾਵਾ ਸ. ਜਗਮੋਹਨ ਸਿੰਘ ਗਿੱਲ ਇੰਚਾਰਜ ਸਿੱਖ ਮਿਸ਼ਨ ਕਲਕੱਤਾ, ਸ. ਗੁਰਮੀਤ ਸਿੰਘ ਇੰਚਾਰਜ, ਸ. ਗੁਰਦੀਪ ਸਿੰਘ ਰੋੜਕਿਲ੍ਹਾ, ਸ. ਗੁਰਮੀਤ ਸਿੰਘ ਰੋੜਕਿਲ੍ਹਾ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।