ਇਤਿਹਾਸਕ ਕਸਬਾ ਰਮਦਾਸ ਵਿਖੇ ਕਾਰ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਤਿਆਰ ਇਮਾਰਤਾਂ ਦੇ ਉਦਘਾਟਨ ਕੀਤੇ

ਰਮਦਾਸ, 29 ਜਨਵਰੀ- ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਬਾਬਾ ਬੁੱਢਾ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਕਸਬਾ ਰਮਦਾਸ ਵਿਖੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਜੀ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਰਤਮਾਨ ਸਮੇਂ ਵਿਚ ਸਿੱਖ ਕੌਮ ਨੂੰ ਦਰਪੇਸ਼ ਹਰ ਚੁਣੌਤੀ ਦਾ ਡੱਟ ਕੇ ਮੁਕਾਬਲਾ ਕਰਦਿਆਂ ਧਰਮ ਪ੍ਰਚਾਰ ਨੂੰ ਨਵੀਂ ਦਿਸ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਜਥੇਬੰਦੀ ਹੈ, ਪਰ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਇਸ ਦੀਆਂ ਮਹਾਨ ਸੇਵਾਵਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਇਸਦੀ ਨੁਕਤਾਚੀਨੀ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਨਿੱਜੀ ਲਾਲਸਾਵਾਂ ਖਾਤਰ ਵਿਰੋਧ ਕਰਨ ਵਾਲਿਆਂ ਨੂੰ ਦਰਕਿਨਾਰ ਕਰਦਿਆਂ ਸ਼੍ਰੋਮਣੀ ਕਮੇਟੀ ਸਿੱਖੀ ਦੀ ਚੜ੍ਹਦੀ ਕਲਾ ਲਈ ਕਾਰਜ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੰਜੀਦਾ ਅਤੇ ਉਸਾਰੂ ਸੁਝਾਵਾਂ ਦਾ ਅਸੀਂ ਹਮੇਸ਼ਾ ਸਵਾਗਤ ਕਰਾਂਗੇ ਪਰੰਤੂ ਆਪਣੀ ਕਥਿਤ ਮਸ਼ਹੂਰੀ ਲਈ ਬੇਲੋੜੀ ਨੁਕਤਾਚੀਨੀ ਜਾਇਜ਼ ਨਹੀਂ। ਇਸ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਅਤੇ ਸ. ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਜਿਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਜੀ ਆਇਆਂ ਆਖਿਆ ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ, ਵਿਦਿਅਕ, ਸਿਹਤ ਅਤੇ ਲੋਕ ਭਲਾਈ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਰਤਨ ਸਿੰਘ ਅਜਨਾਲਾ ਨੇ ਸਰਹੱਦੀ ਕਸਬਾ ਰਮਦਾਸ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਲੜਕੀਆਂ ਦਾ ਕਾਲਜ ਖੋਲ੍ਹਣ ਦੀ ਮੰਗ ਕੀਤੀ, ਜਿਸ ‘ਤੇ ਭਾਈ ਲੌਂਗੋਵਾਲ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਿਆ।
ਇਸੇ ਦੌਰਾਨ ਸਥਾਨਕ ਗੁਰਦੁਆਰਾ ਬਾਬਾ ਬੁੱਢਾ ਜੀ ਨਾਲ ਸਬੰਧਤ ਗੁਰਦੁਆਰਾ ਬਾਬਾ ਕਿਸ਼ਨ ਕੰਵਰ ਤਲਾਬ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਤਿਆਰ ਕੀਤੀ ਗਈ ਇਮਾਰਤ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁਸ਼ੋਭਿਤ ਕੀਤੇ ਗਏ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਸੀਸ ‘ਤੇ ਪਾਵਨ ਸਰੂਪ ਸਜਾ ਕੇ ਨਵੀਂ ਇਮਾਰਤ ਵਿਚ ਸੁਸ਼ੋਭਿਤ ਕੀਤਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਨਵੇਂ ਬਣੇ ਦੀਵਾਨ ਹਾਲ ਦਾ ਵੀ ਸ਼ੁੱਭ ਆਰੰਭ ਕੀਤਾ। ਇਹ ਕਾਰ ਸੇਵਾ ਤਰਨ ਤਾਰਨ ਵਾਲੇ ਬਾਬਾ ਜਗਤਾਰ ਸਿੰਘ ਵੱਲੋਂ ਤਿਆਰ ਕੀਤੀ ਗਈ ਹੈ। ਇਸ ਦੌਰਾਨ ਭਾਈ ਲੌਂਗੋਵਾਲ ਨੇ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਜੀ ਵਿਖੇ ਲੰਗਰ ਹਾਲ ਦਾ ਨੀਂਹ ਪੱਥਰ ਰੱਖ ਕੇ ਕਾਰ ਸੇਵਾ ਦੀ ਆਰੰਭਤਾ ਕੀਤੀ। ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ (ਭਾਈ ਸੁੱਖਾ ਜੀ) ਦੀ ਨਵੀਂ ਇਮਾਰਤ ਬਣਾਉਣ ਦੀ ਆਰੰਭਤਾ ਵੀ ਕਰਵਾਈ। ਉਨ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਸਕੂਲ ਦੀ ਇਮਾਰਤ ਨੂੰ ਰੰਗ-ਰੋਗਨ ਕਰਵਾਉਣ ਅਤੇ ਸਕੂਲ ਲਈ ਗਰਾਊਂਡ ਬਣਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਵੱਲੋਂ ਨਿਭਾਈਆਂ ਜਾ ਰਹੀਆਂ ਕਾਰ ਸੇਵਾਵਾਂ ਅਤੇ ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਵੱਲੋਂ ਪ੍ਰਬੰਧਕੀ ਪ੍ਰਪੱਕਤਾ ਨਾਲ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਵਛੋਆ, ਸ. ਕੁਲਦੀਪ ਸਿੰਘ ਤੇੜਾ, ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲੇ, ਬਾਬਾ ਗੁਰਮੀਤ ਸਿੰਘ, ਜਥੇਦਾਰ ਮੋਹਣ ਸਿੰਘ ਮਟੀਆ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਗੁਰਮੀਤ ਸਿੰਘ ਬੁੱਟਰ, ਪ੍ਰਿੰਸੀਪਲ ਅਮਨਦੀਪ ਕੌਰ, ਇੰਚਾਰਜ ਸ. ਕਰਮਬੀਰ ਸਿੰਘ, ਸ. ਦਰਸ਼ਨ ਸਿੰਘ ਪੀ.ਏ., ਸ. ਹਰਜਿੰਦਰ ਸਿੰਘ ਲਸ਼ਕਰੀ ਨੰਗਲ ਮੈਨੇਜਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ, ਜਥੇਦਾਰ ਬਲਦੇਵ ਸਿੰਘ ਤੇੜਾ ਸਮੇਤ ਹੋਰ ਹਾਜ਼ਰ ਸਨ।