ਵੱਖ ਵੱਖ ਸਮਾਗਮਾਂ ਦੌਰਾਨ ਰਾਗੀ ਜਥਿਆਂ ਦੀਆਂ ਸੇਵਾਵਾਂ ਹੋਣਗੀਆਂ ਅਹਿਮ

ਅੰਮ੍ਰਿਤਸਰ, 28 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਜਥਿਆਂ ਦੁਆਰਾ ਕੀਤੇ ਗਏ ਸ਼ਬਦ ਕੀਰਤਨ ਦੀਆਂ ਵੀਡੀਓਜ਼ ਸੰਗਤਾਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਤੰਤੀ ਸਾਜ਼ਾਂ ਦੇ ਮਾਹਿਰ ਰਾਗੀਆਂ ਦਾ ਵਿਸ਼ੇਸ਼ ਸਨਮਾਨ ਕਰਨ ਦਾ ਵੀ ਪ੍ਰੋਗਰਾਮ ਬਣਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਇੱਕ ਬਿਆਨ ਰਾਹੀਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਪੰਥ ਦੇ ਰਾਗੀ ਜਥਿਆਂ ਨੂੰ ਵਿਸ਼ੇਸ਼ ਸਨਮਾਨ ਦਿੰਦਿਆਂ ਉਨ੍ਹਾਂ ਦੀਆਂ ਵੱਖ ਵੱਖ ਗੁਰਮਤਿ ਸਮਾਗਮਾਂ ਵਿਚ ਕੀਰਤਨ ਸੇਵਾਵਾਂ ਲਈਆਂ ਜਾਣਗੀਆਂ ਅਤੇ ਫਿਰ ਉਸ ਦੀਆਂ ਵੀਡੀਓਜ਼ ਬਣਵਾ ਕੇ ਸੰਗਤਾਂ ਵਿਚ ਵੰਡੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਦੌਰਾਨ ੧੧ ਨਵੰਬਰ ਨੂੰ ਇੱਕ ਵਿਸ਼ੇਸ਼ ਰਾਗ ਦਰਬਾਰ ਕਰਵਾਇਆ ਜਾ ਰਿਹਾ ਹੈ। ਇਹ ਵਿਸ਼ਵ ਪੱਧਰੀ ਰਾਗ ਦਰਬਾeਰ ਵਿਲੱਖਣ ਹੋਵੇਗਾ। ਇਸ ਵਿਚ ਦੇਸ਼ ਦੁਨੀਆਂ ਦੇ ਪ੍ਰਸਿੱਧ ਰਾਗੀ ਜਥੇ ਸੰਗਤ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਰਾਗ ਦਰਬਾਰ ਸਮੇਂ ਕੀਰਤਨ ਕਰਨ ਵਾਲੇ ਜਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਗੁਰਬਾਣੀ ਦਾ ਉਨ੍ਹਾਂ ਦੁਆਰਾ ਗਾਇਨ ਕੀਤੇ ਤੇ ਉਚਾਰੇ ਗਏ ੧੯ ਨਿਰਧਾਰਤ ਰਾਗਾਂ ਦਾ ਹੀ ਗਾਇਨ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਰਾਗ ਦਰਬਾਰ ਨੂੰ ਮੁਕੰਮਲ ਰੂਪ ਵਿਚ ਰਿਕਾਰਡ ਕਰਕੇ ਵੀ ਸੰਗਤਾਂ ਤੱਕ ਪਹੁੰਚਾਵੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕੀਰਤਨੀ ਜਥਿਆਂ ਦੀਆਂ ਸੇਵਾਵਾਂ ਹੋਰ ਵੱਖ ਵੱਖ ਸਮਾਗਮਾਂ ਵਿਚ ਵੀ ਅਹਿਮ ਰਹਿਣਗੀਆਂ। ਉਨ੍ਹਾਂ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਕਿਉਂਕਿ ਪ੍ਰਕਾਸ਼ ਪੁਰਬ ਸਮਾਗਮਾਂ ਦਾ ਕੇਂਦਰੀ ਅਸਥਾਨ ਹੈ ਇਸ ਲਈ ਉਥੇ ਪਹਿਲੀ ਨਵੰਬਰ ਤੋਂ ਲੈ ਕੇ ੧੩ ਨਵੰਬਰ ਤੱਕ ਸਵੇਰੇ ਸ਼ਾਮ ਦੀਵਾਨ ਸਜਣਗੇ ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ ਸੰਗਤ ਨੂੰ ਗੁਰਬਾਣੀ ਕੀਤਰਨ ਨਾਲ ਜੋੜਨਗੇ। ਭਾਈ ਲੌਂਗੋਵਾਨ ਨੇ ਇਹ ਵੀ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ੨੦ ਅਕਤੂਬਰ ਤੋਂ ਲੈ ਕੇ ੨੦ ਨਵੰਬਰ ਤੱਕ ਇੱਕ ਮਹੀਨਾ ਸਾਰੇ ਰਾਗੀ ਜਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦਾ ਉਨ੍ਹਾਂ ਵੱਲੋਂ ਉਚਾਰੇ ਰਾਗਾਂ ਅਨੁਸਾਰ ਹੀ ਕੀਰਤਨ ਕਰਨਗੇ।