ਜੰਗ-ਏ-ਆਜ਼ਾਦੀ ਵਿੱਚ ਸਿੱਖਾਂ ਦੇ ਯੋਗਦਾਨ ਅਣਗੌਲਿਆ ਨਹੀਂ ਕੀਤਾ ਜਾ ਸਕਦਾ: ਪ੍ਰੋ. ਬਡੂੰਗਰ

ਪਟਿਆਲਾ:14 ਅਗਸਤ, 2017 ਅੱਜ ਖ਼ਾਲਸਾ ਕਾਲਜ, ਪਟਿਆਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਆਜ਼ਾਦੀ ਸੰਘਰਸ਼ ਦੇ ਪਹਿਲੇ ਸ਼ਹੀਦ ਭਾਈ ਮਹਾਰਾਜ ਸਿੰਘ ਜੀ ਨੂੰ ਸਮਰਪਿਤ ‘ਭਾਰਤ ਦੀ ਜੰਗ-ਏ-ਆਜ਼ਾਦੀ ਵਿੱਚ ਪੰਜਾਬੀਆਂ ਦਾ ਯੋਗਦਾਨ’ (ਸਿੱਖ ਸ਼ਹੀਦਾਂ ਦੇ ਸੰਦਰਭ ਵਿੱਚ) ਵਿਸ਼ੇ ‘ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਮਾਨਯੋਗ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮੁੱਖ ਮਹਿਮਾਨ ਦੇ ਤੌਰ ‘ਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਕਿਹਾ ਕਿ ਗਿਆਨ ਦੇ ਇਸ ਸੰਸਾਰ ਵਿੱਚ ਕੋਈ ਸੀਮਾਂ ਨਹੀਂ ਹੈ ਪਰ  ਦੁਨੀਆਂ ‘ਤੇ ਮਹਾਨ ਕਹਾਉਣ ਵਾਲੇ ਪੋਰਸ ਅਤੇ ਅਕਬਰ ਵਰਗੇ ਬਾਦਸ਼ਾਹਾਂ ਨੂੰ ਵੀ ਪੰਜਾਬ ਦੀ ਧਰਤੀ ‘ਤੇ ਮੂੰਹ ਦੀ ਖਾਣੀ ਪਈ। ਉਨ•ਾਂ ਨੇ ਕਿਹਾ ਕਿ ਸੱਤਾ ‘ਤੇ ਕਾਬਜ਼ ਧਿਰ ਦਾ ਇਹ ਫਰਜ਼ ਬਣਦਾ ਹੈ ਕਿ ਪਰਜਾ ਦੀ ਜਾਨ ਮਾਲ ਅਤੇ ਸਾਂਭ-ਸੰਭਾਲ ਦਾ ਫ਼ਿਕਰ ਕਰਨ ਪਰ ਇਸ ਆਦਰਸ਼ ਦੀ ਪਾਲਣਾ ਮੁਗਲ ਸ਼ਾਸਕਾਂ ਜਾਂ ਸੱਤਾ ‘ਤੇ ਕਾਬਜ ਰਹੀਆਂ ਹੋਰ ਧਿਰਾਂ ਨੇ ਨਹੀਂ ਕੀਤੀ ਸਿਰਫ਼ ਸਿੱਖਾਂ ਨੇ ਇਸ ਆਦਰਸ਼ ਨੂੰ ਨਿਭਾਇਆ। ਉਨ•ਾਂ ਕਿਹਾ ਕਿ ਹਿੰਦੁਸਤਾਨ ਦੀ ਜਾਨ ਮਾਲ ਦੀ ਰਾਖੀ ਲਈ ਸੰਘਰਸ਼ ਕਰਨ ਦੀ ਜਾਗ ਨਾ ਸਿਰਫ਼ ਸਿੱਖ ਗੁਰੂ ਸਹਿਬਾਨ ਨੇ ਲਾਈ ਸਗੋਂ ਭਗਤਾ ਨੇ ਵੀ ਇਸ ਵਿੱਚ ਯੋਗਦਾਨ ਪਾਇਆ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਹ ਮਸਲਾ ਧਿਆਨ ਦੀ ਮੰਗ ਕਰਦਾ ਹੈ ਕਿ ਭਾਰਤ ਦੀ ਜੰਗ-ਏ-ਆਜ਼ਾਦੀ ਵਿੱਚ ਅਣਗਿਣਤ ਸ਼ਹੀਦੀਆਂ ਦੇ ਕੇ ਆਪਣਾ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨਾਲ ਅਜੋਕੇ ਦੌਰ ਵਿੱਚ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ।ਇਹ ਵਿਤਕਰਾ ਪੰਜਾਬੀਆਂ ਦੇ ਘਰ ਉਜਾੜ ਕੇ ਬਣਾਏ ਚੰਡੀਗੜ• ਦੇ ਪੰਜਾਬ ਦੇ ਹਿੱਸੇ ਨਾ ਆਉਣ ਦੇ ਰੂਪ ਵਿੱਚ ਵੀ ਹੈ ਅਤੇ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਰੂਪ ਵਿੱਚ ਵੀ ਹੈ। ਉਨ•ਾਂ ਸੈਮੀਨਾਰ ਨੂੰ ਆਯੋਜਿਤ ਕਰਨ ਦੇ ਮਕਸਦ ਨੂੰ ਸਾਂਝਾ ਕਰਦਿਆਂ ਕਿਹਾ ਕਿ ਅੱਜ ਸਮਾਜਿਕ, ਸਭਿਆਚਾਰਕ ਅਤੇ ਵਾਤਾਵਰਨ ਨਾਲ ਸਬੰਧਤ ਜੋ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਉਨ•ਾਂ ਦਾ ਕਾਰਨ ਲੱਭਣ ਦੀ ਲੋੜ ਹੈ ਅਤੇ ਨਾਲ ਹੀ ਇਹ ਵੀ ਦੇਖਣ ਦੀ ਲੋੜ ਹੈ ਕਿ ਅਸੀਂ ਇਨ•ਾਂ ਸਮੱਸਿਆਵਾਂ ਦੇ ਪੈਦਾ ਹੋਣ ਵਿੱਚ ਕਿੰਨ•ੇ ਕੁ ਜ਼ਿੰਮੇਵਾਰ ਹਾਂ ਤੇ ਇਨ•ਾਂ ਦਾ ਹੱਲ ਲੱਭਣ ਲਈ ਅਸੀਂ ਕੀ ਕਰ ਰਹੇ ਹਾਂ।
ਵਿਸ਼ੇਸ਼ ਵਕਤਾ ਦੇ ਤੌਰ ‘ਤੇ ਪਹੁੰਚੇ ਡਾ. ਸ਼ਤੀਸ਼ ਕੁਮਾਰ ਵਰਮਾ, ਰਿਟਾਇਰਡ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਇਕ ਖ਼ਾਸ ਵਰਤਾਰੇ ਦਾ ਨਾਮ ਹੈ।ਉਨ•ਾਂ ਨੇ ਕਿਹਾ ਕਿ ਪੰਜਾਬ ਪਹਿਲਾ ਸਪਤ ਸਿੰਧੂ ਫਿਰ ਪੰਚਨਦ ਅਤੇ ਪੰਜ-ਆਬ ਬਣਿਆ। ਉਨ•ਾਂ ਨੇ 526 ਸਾਲਾਂ ਦੇ ਸਿੱਖ ਇਤਿਹਾਸ ਨੂੰ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਦੱਸਦੇ ਹੋਏ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦਾ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸ਼ੁਰੂ ਹੋ ਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਗੁਲਾਮੀ ਦੀਆਂ ਤੰਦਾਂ ਨੂੰ ਤੋੜ ਕੇ ਆਜ਼ਾਦੀ ਵੱਲ ਪਹਿਲਾ ਕਦਮ ਪੁੱਟਿਆ ਸੀ। ਉਨ•ਾਂ ਨੇ ਇਹ ਵੀ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਹਾਦਤ ਦੇਣ ਵੇਲੇ ਪੰਜਾਬੀ ਬਹੁ ਗਿਣਤੀ ਵਿੱਚ ਹੁੰਦੇ ਹਨ ਪਰ ਜਦੋਂ ਉਨ•ਾਂ ਨੂੰ ਬਣਦਾ ਹੱਕ ਦੇਣ ਦੀ ਵਾਰੀ ਆਉਂਦੀ ਹੈ ਤਾਂ ਉਨ•ਾਂ ਨੂੰ ਘੱਟ ਗਿਣਤੀ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਸਾਨੂੰ ਇਸ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ।
ਡਾ. ਗੁਰਨਾਇਬ ਸਿੰਘ, ਮੁਖੀ, ਭਾਈ ਵੀਰ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਰਫ਼ ਇਕ ਖਿੱਤੇ ਨਾਲ ਨਹੀਂ ਬੰਨਿ•ਆ ਸਗੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਅਸੀਮ ਬ੍ਰਹਿਮੰਡ ਨੂੰ ਦੇਖਣ ਦੀ ਦ੍ਰਿਸ਼ਟੀ ਦਿੱਤੀ ਹੈ। ਉਨ•ਾਂ ਨੇ ਸਿੱਖ ਇਤਿਹਾਸ ਅਤੇ ਆਧੁਨਿਕ ਸਾਹਿਤ ਵਿਚੋਂ ਉਦਾਹਰਣਾਂ ਦੇ ਕੇ ਪੰਜਾਬੀਆਂ ਦੁਆਰਾ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਬਾਰੇ ਦੱਸਿਆ ਅਤੇ ਉਨ•ਾਂ ਨੇ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਕਿ ਪੰਜਾਬੀ ਜਿਥੇ ਸਰੀਰਕ ਪੱਖ ਤੋਂ ਮਜਬੂਤ ਸਨ ਉਥੇ ਹੀ ਉਹਨਾਂ ਦਾ ਬੌਧਿਕ ਪੱਧਰ ਵੀ ਉੱਚਾ ਸੀ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ ਨੂੰ’ ਆਖਿਆ। ਉਨ•ਾਂ ਨੇ ਪ੍ਰਧਾਨ ਸਾਹਿਬ ਦੁਆਰਾ ਕੀਤੇ ਗਏ ਇਸ ਨਿੱਗਰ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਜਿਸ ਤਰ•ਾਂ ਦੀਆਂ ਸਮੱਸਿਆਵਾਂ ਨਾਲ ਸਾਡਾ ਸਮਾਜ ਜੂਝ ਰਿਹਾ ਹੈ, ਉਸ ਵਿੱਚ ਸਹੀ ਸੇਧ ਦੇਣ ਲਈ ਇਹ ਇਕ ਪ੍ਰੇਰਣਾਦਾਇਕ ਯਤਨ ਹੈ।ਉਨ•ਾਂ ਨੇ 1907 ਤੋਂ ਲੈ ਕੇ 1947 ਤੱਕ ਦੇ ਆਜ਼ਾਦੀ ਸੰਘਰਸ਼ ਵਿੱਚ ਸਿੱਖਾਂ ਦੇ ਯੋਗਦਾਨ ਅਤੇ ਸ਼ਹਾਦਤਾਂ ਬਾਰੇ ਵਿਸ਼ੇਸ਼ ਡਿਜ਼ੀਟਲ ਪੇਸ਼ਕਾਰੀ ਦਿੱਤੀ ਅਤੇ ਕਿਹਾ ਕਿ ਮੇਰਾ ਮਕਸਦ ਸ਼ਹੀਦਾਂ ਨੂੰ ਕਿਸੇ ਵੀ ਆਧਾਰ ‘ਤੇ ਵੰਡਣਾ ਨਹੀਂ ਸਗੋਂ ਇਸ ਖਿੱਤੇ ਦੇ ਲੋਕਾਂ ਦੁਆਰਾ ਆਜ਼ਾਦੀ ਹਾਸਿਲ ਕਰਨ ਲਈ ਪਾਏ ਗਏ ਯੋਗਦਾਨ ਨੂੰ ਯਾਦ ਕਰਵਾਉਣਾ ਹੈ।
ਡਾ. ਪਰਮਵੀਰ ਸਿੰਘ, ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੰਗ-ਏ-ਆਜ਼ਾਦੀ ਵਿੱਚ ਸਿੱਖਾਂ ਦੁਆਰਾ ਪਾਏ ਗਏ ਯੋਗਦਾਨ ਨੂੰ ਅਣਗੌਲਿਆ ਜਾ ਰਿਹਾ ਹੈ। ਸਾਨੂੰ ਇਸ ਪਾਸੇ ਚਿੰਤਨ ਕਰਨ ਦੀ ਲੋੜ ਹੈ। ਉਨ•ਾਂ ਨੇ ਅੰਡੇਮਾਨ ਨਿਕੋਬਾਰ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆ ਕਰਨ ਦੇ ਵਿਸ਼ੇ ‘ਤੇ ਵਿਸ਼ੇਸ਼ ਧਿਆਨ ਦਿਵਾਇਆ।
ਇਸ ਸੈਮੀਨਾਰ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ. ਸਿਮਰਜੀਤ ਸਿੰਘ ਮੀਤ ਸਕੱਤਰ, ਸ. ਭਗਵੰਤ ਸਿੰਘ ਨਿੱਜੀ ਸਹਾਇਕ, ਡਾ. ਗੁਰਵੀਰ ਸਿੰਘ, ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ, ਪ੍ਰੋ. ਅਵਤਾਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰੰਧਕ ਕਮੇਟੀ ਦੇ ਵੱਖ ਵੱਖ ਕਾਲਜਾਂ ਦੇ ਅਧਿਆਪਕ ਸਾਹਿਬਾਨ ਅਤੇ ਹੋਰ ਕਈ ਨਾਮਵਰ ਸ਼ਖ਼ਸੀਅਤਾਂ ਤੋਂ ਇਲਾਵਾ ਸਥਾਨਕ ਕਾਲਜ ਦੇ ਇਸ ਸੈਮੀਨਾਰ ਦੇ ਆਯੋਜਕ ਇਤਿਹਾਸ ਅਤੇ ਪੰਜਾਬੀ ਵਿਭਾਗ ਦੇ ਅਧਿਆਪਕ ਸਾਹਿਬਾਨ ਹਾਜ਼ਰ ਸਨ। ਮੰਚ ਦਾ ਸੰਚਾਲਨ ਡਾ. ਹਰਜੀਤ ਕੌਰ ਨੇ ਕੀਤਾ।