ਅੰਮ੍ਰਿਤਸਰ, ੦੧ ਨਵੰਬਰ- ਸਿੱਖ ਕੌਮ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਖਾਲਸਾ ਪੰਥ ਨੂੰ ਕੀਤੀ ਅਪੀਲ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮੂਲ ਮੰਤਰ, ਗੁਰਮੰਤਰ ਦੇ ਪਾਠ ਕਰ ਕੇ ਨਵੰਬਰ ੧੯੮੪ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ, ਸਤਿਕਾਰ ਭੇਟ ਕੀਤਾ ਗਿਆ ਅਤੇ ਭਾਈ ਸਲਵਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ।
ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਦੀ ਪਾਲਣਾ ਕਰਨਾ ਸਮੂਹ ਸਿੱਖਾਂ ਦਾ ਕਰਤੱਵ ਹੈ, ਉਥੇ ਹੀ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹੋਣ ਦੇ ਨਾਤੇ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਆਪਣੇ ਖਾਲਸਾ ਪੰਥ ਤੇ ਕੌਮ ਦੇ ਸ਼ਹੀਦਾਂ ਨੂੰ ਯਾਦ ਰੱਖੀਏ। ਉਨ੍ਹਾਂ ਕਿਹਾ ਕਿ ਸਮੇਂ ਦੀ ਕੇਂਦਰੀ ਕਾਂਗਰਸ ਸਰਕਾਰ ਨੇ ਪਹਿਲਾਂ ਜੂਨ ੧੯੮੪ ਵਿਚ ਫੌਜੀ ਹਮਲਾ ਕਰਕੇ ਸਾਡੇ ਧਾਰਮਿਕ ਅਸਥਾਨਾਂ ਨੂੰ ਢਹਿ-ਢੇਰੀ ਕੀਤਾ, ਫਿਰ ਨਵੰਬਰ ੧੯੮੪ ਵਿਚ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਅੰਦਰ ਸਰਕਾਰੀ ਸ਼ਹਿ ‘ਤੇ ਸਿੱਖ ਨਸਲਕੁਸ਼ੀ ਕਰਵਾ ਕੇ ਸਿੱਖਾਂ ਨੂੰ ਗ਼ੁਲਾਮ ਹੋਣ ਦਾ ਅਹਿਸਾਸ ਕਰਵਾਇਆ। ਉਨ੍ਹਾਂ ਕਿਹਾ ਕਿ ਸਮੂਹ ਸਟਾਫ ਨੇ ਅੱਜ ਸੰਗਤੀ ਰੂਪ ‘ਚ ਇਕੱਤਰ ਹੋ ਕੇ ਸਿੱਖ ਨਸਲਕੁਸ਼ੀ ਦੌਰਾਨ ਸ਼ਹੀਦ ਹੋਏ ਸਿੱਖਾਂ ਨੂੰ ਯਾਦ ਕਰਦਿਆਂ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਕੇਵਲ ਸਿੰਘ ਭੂਰਾ ਕੋਹਨਾ, ਸ. ਬਿਜੈ ਸਿੰਘ, ਸ. ਪ੍ਰਤਾਪ ਸਿੰਘ, ਸ. ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਜਸਵਿੰਦਰ ਸਿੰਘ ਦੀਨਪੁਰ, ਸ. ਹਰਿੰਦਰਪਾਲ ਸਿੰਘ, ਸ. ਹਰਜਿੰਦਰ ਸਿੰਘ, ਸੁਪ੍ਰਿੰਟੈਂਡੈਂਟ ਸ. ਸਤਨਾਮ ਸਿੰਘ, ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਤੇ ਸ. ਗੁਰਿੰਦਰ ਸਿੰਘ, ਐਡੀਸ਼ਨਲ ਮੈਨੇਜਰ ਸ. ਬਘੇਲ ਸਿੰਘ, ਸ. ਲਖਬੀਰ ਸਿੰਘ, ਸ. ਲਖਵਿੰਦਰ ਸਿੰਘ, ਸ. ਰਾਜਿੰਦਰ ਸਿੰਘ ਰੂਬੀ, ਸ. ਸੁਖਮਿੰਦਰ ਸਿੰਘ ਐਕਸੀਅਨ, ਇੰਚਾਰਜ ਸ. ਨਿਰਵੈਲ ਸਿੰਘ, ਸ. ਨਿਰਮਲ ਸਿੰਘ, ਸ. ਗੁਰਦਿਆਲ ਸਿੰਘ, ਸ. ਕਰਮਬੀਰ ਸਿੰਘ, ਸ. ਸ਼ਾਹਬਾਜ ਸਿੰਘ, ਬੀਬੀ ਮਨਮੋਹਨ ਕੌਰ, ਸ. ਪਰਮਦੀਪ ਸਿੰਘ, ਸ. ਮੁਖਤਿਆਰ ਸਿੰਘ ਚੀਫ਼-੮੫, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਮੁਖਤਾਰ ਸਿੰਘ ਖਜ਼ਾਨਚੀ, ਸ. ਜਤਿੰਦਰ ਸਿੰਘ ਸੁਪਰਵਾਈਜ਼ਰ, ਸ. ਤੇਜਿੰਦਰ ਸਿੰਘ ਐਡੀਸ਼ਨਲ ਚੀਫ਼, ਸ. ਟੇਕ ਸਿੰਘ, ਸ. ਜਤਿੰਦਰਪਾਲ ਸਿੰਘ, ਸ. ਮਿਲਖਾ ਸਿੰਘ ਤੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਦਾ ਸਟਾਫ ਹਾਜ਼ਰ ਸੀ।