ਅੰਮ੍ਰਿਤਸਰ 8 ਅਪ੍ਰੈਲ ( ) ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਦੇ ਵਿਦਿਆ ਭਵਨ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਬਦ ਕੀਰਤਨ ਦੇ ਪ੍ਰਵਾਹ ਦੇ ਵਾਹਕ, ‘ਸ਼੍ਰੋਮਣੀ ਰਾਗੀ’ ਗੁਰੁ ਘਰ ਦੇ ਕੀਰਤਨੀਏ ਭਾਈ ਜਸਵੰਤ ਸਿੰਘ ਜੀ ਹਜ਼ੂਰੀ ਰਾਗੀ ਦਾ ਸਿਮ੍ਰਤੀ ਗ੍ਰੰਥ ਸੰਗਤ ਅਰਪਣ ਕੀਤਾ ਗਿਆ।ਜਿਸ ਦੀ ਲੇਖਿਕਾ ਉਨ੍ਹਾਂ ਦੀ ਨੂੰਹ ਬੀਬਾ ਕਿਰਨਦੀਪ ਕੌਰ ਨੇ ਆਪਣੀ ਵਿਲੱਖਣ ਕਲਮ ਦੁਆਰਾ ਗਿਆਨੀ ਜਸਵੰਤ ਸਿੰਘ ਦੀ ਪ੍ਰਭੂ ਪ੍ਰੇਮਾ ਭਗਤੀ ਵਿੱਚ ਰੰਗੀ ਸਵੈ-ਜੀਵਣੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਉੱਕਰ ਕੇ ਪਾਠਕਾਂ ਦੀ ਝੋਲੀ ‘ਹਸਤਾਖਰ’ ਵਰਗੀ ਵਡਮੁੱਲੀ ਪੁਸਤਕ ਪਾਈ।ਇਸ ਸਵੈ-ਜੀਵਣੀ ਤੇ ਅਧਾਰਿਤ ਦਸਤਾਵੇਜੀ ਫਿਲਮ ਦਾ ਉਨ੍ਹਾਂ ਦੀ ਪੋਤਰੀ ਬੀਬਾ ਸਿਮਰਨ ਕੌਰ ਨੇ ਆਪਣੀ ਸੂਹਜ, ਸਿਆਣਪ ਤੇ ਤੀਖਣ ਬੁੱਧੀ ਦੁਆਰਾ ਨਿਰਦੇਸ਼ਨ ਦੇ ਕੇ ਇਕ ਮੀਲ ਪੱਥਰ ਸਥਾਪਿਤ ਕੀਤਾ ਤੇ ਇਸ ਘਰਾਣੇ ਦੀ ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਕੀਰਤਨ ਦੀ ਅਨਮੋਲ ਪ੍ਰੰਪਰਾ ਨੂੰ ਸੰਭਾਲ ਕੇ ਸਦਾ ਲਈ ਸੁਰਜੀਤ ਕੀਤਾ ਅਤੇ ਸੰਗਤਾਂ ਦੀ ਝੋਲੀ ਪਾਇਆ।ਇਸ ਸਮਾਗਮ ਦੀ ਆਰੰਭਤਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਨੇ ਸਬਦ ਗਾਇਨ ਨਾਲ ਕੀਤੀ।ਮੁੱਖ ਮਹਿਮਾਨ ਵਜੋਂ ਜਥੇਦਾਰ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰ: ਰਾਜਿੰਦਰ ਮੋਹਨ ਸਿੰਘ ਛੀਨਾ ਆਨਰੇਰੀ ਸਕੱਤਰ, ਖਾਲਸਾ ਕਾਲਜ ਗਵਰਨਿੰਗ ਕੌਂਸਲ ਤੇ ਸ. ਚੇਤਨ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਨੇ ਸ਼ਿਰਕਤ ਕੀਤੀ।ਭਾਈ ਨਰਜਿੰਦਰ ਸਿੰਘ ਤੇ ਭਾਈ ਗਗਨਦੀਪ ਸਿੰਘ ਨੇ ਪੁਰਾਤਨ ਤੰਤੀ ਸਾਜ ਦਿਲਰੁਬਾ ਨਾਲ ਦਰਸ਼ਕਾਂ ਦਾ ਮਨ ਕੀਲ ਲਿਆ।
ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਮਹਾਨ ਪੰਥ ਸਖਸ਼ੀਅਤ ਗਿਆਨੀ ਜਸਵੰਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਕੀਰਤਨ ਦੀ ਨਿਰੰਤਰ ਸੇਵਾ ਕੀਤੀ। ਉਨ੍ਹਾਂ ਕਿਹਾ ਮੈਂ ਇਹ ਦੱਸਣ ਵਿੱਚ ਮਾਣ ਮਹਿਸੂਸ ਕਰਦਾ ਹਾਂ ਕਿ ਗਿਆਨੀ ਜੀ ਨੇ ਕੀਰਤਨ ਸ਼ੈਲੀ ਵਿੱਚ ਆਪਣੇ ਪਿਤਾ ਭਾਈ ਪਿਆਰਾ ਸਿੰਘ ਜੀ ਦੀ ਕੀਰਤਨ ਸ਼ੈਲੀ ਨੂੰ ਖਾਨਦਾਨੀ ਪ੍ਰੰਪਰਾ ਦੀ ਤਰ੍ਹਾਂ ਹੁਣ ਤੀਕ ਅਪਨਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗਿਆਨੀ ਜਸਵੰਤ ਸਿੰਘ ਦੀ ਕੀਰਤਨ ਸ਼ੈਲੀ ਵਿੱਚ ਸ਼ਬਦਾਂ ਦੀ ਪ੍ਰਧਾਨਤਾ, ਸਹਿਜ ਅਤੇ ਸਮਰਪਣ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਕੀਰਤਨ ਸ਼ੈਲੀ ਦੇ ਪਰੰਪਰਾਗਤ ਰਾਗਾਂ ਦੀ ਮਧੁਰਤਾ ਅਤੇ ਮੌਲਿਕਤਾ ਕੀਰਤਨ ਦਾ ਵੱਡਾ ਗੁਣ ਹੈ, ਜੋ ਗਿਆਨੀ ਜਸਵੰਤ ਸਿੰਘ ਨੂੰ ਆਪਣੇ ਪਿਤਾ ਭਾਈ ਪਿਆਰਾ ਸਿੰਘ ਤੋਂ ਵਿਰਸੇ ਵਿੱਚ ਮਿਲਿਆ ਹੈ ਜੋ ਉਨ੍ਹਾਂ ਆਪਣੇ ਭਰਾਵਾਂ, ਸਪੁੱਤਰ ਅਤੇ ਪੋਤਰੇ ਵਿੱਚ ਵੰਡਿਆ ਹੈ ਤੇ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਚੱਲੀ ਆਈ ਖਾਨਦਾਨੀ ਕੀਰਤਨ ਦੀ ਪਰੰਪਰਾ ਨੂੰ ਸੁਰਜੀਤ ਰੱਖਿਆ ਹੈ।
ਸਮਾਗਮ ਦੇ ਮੁੱਖ ਮਹਿਮਾਨ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਣਵਾਨ ਸਖਸ਼ੀਅਤਾਂ ਹਮੇਸ਼ਾਂ ਲੋਕਾਈ ਦੀ ਭਲਾਈ ਤੇ ਮਾਰਗ ਦਰਸ਼ਨ ਕਰਦੀਆਂ ਹਨ।ਜਨ ਲੋਕਾਈ ਉਨ੍ਹਾਂ ਦੇ ਕੀਤੇ ਕਾਰਜਾਂ ਨੂੰ ਆਪਣਾ ਮਿਸ਼ਨ ਮੰਨ ਕੇ ਚੱਲਦੀਆਂ ਹਨ। ਸ੍ਰ: ਭੌਰ ਨੇ ਅਭਿਨੰਦਨ ਪੁਸਤਕ ਰੀਲੀਜ਼ ਕਰਦਿਆਂ ਕਿਹਾ ਕਿ ਉਨ੍ਹਾਂ ਸਖਸ਼ੀਅਤਾਂ ਦੀ ਹੀ ਯਾਦਗਾਰੀ ਪ੍ਰਸੰਸਾ ਨਾਂ ਦੀਆਂ ਪੁਸਤਕਾਂ ਬਣਦੀਆਂ ਹਨ ਜਿਨ੍ਹਾਂ ਨੇ ਕੌਮ ਪ੍ਰਤੀ ਚੰਗੀ ਘਾਲਣਾ ਘਾਲੀ ਹੋਵੇ, ਉਸ ਦਾ ਜਿੰਦਾ ਜਾਗਦਾ ਸਬੂਤ ਭਾਈ ਜਸਵੰਤ ਸਿੰਘ ਹਨ।
ਸਮਾਗਮ ਵਿੱਚ ਸ੍ਰ: ਸਤਬੀਰ ਸਿੰਘ ਓ ਐਸ ਡੀ, ‘ਹਸਤਾਖਰ’ ਪੁਸਤਕ ਦੀ ਲੇਖਿਕਾ ਬੀਬਾ ਕਿਰਨਦੀਪ ਕੌਰ, ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਦੀ ਪ੍ਰਧਾਨ ਡਾ: ਇੰਦਰਜੀਤ ਕੌਰ ਤੇ ਨਾਮਵਰ ਸਖਸ਼ੀਅਤਾਂ ਨੇ ਗਿਆਨੀ ਜਸਵੰਤ ਸਿੰਘ ਦੀ ਸਵੈ-ਜੀਵਨੀ ਦੀਆਂ ਯਾਦਗਾਰੀ ਘਟਨਾਵਾਂ ਨੂੰ ਛੋਹ ਦਿੱਤੀ।ਸਟੇਜ ਸਕੱਤਰ ਸ੍ਰ: ਅਰਵਿੰਦਰ ਸਿੰਘ ‘ਚਮਕ’ ਨੇ ਰੰਗ-ਬਿਰੰਗੇ ਫੁੱਲਾਂ ਦੀ ਖੁਸ਼ਬੂ ਖਲੇਰਦੇ ਤੇ ਸੁੱਚੇ ਮੋਤੀਆਂ ਦੀ ਤਰ੍ਹਾਂ ਚਮਚਮਾਉਂਦੇ ਹੋਏ ਸੁੰਦਰ ਇਲਫਾਜ਼ਾਂ ਨਾਲ ਆਪਣੇ ਵਿਲੱਖਣ ਅੰਦਾਜ ਵਿੱਚ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਸਰੋਤਿਆਂ ਦੇ ਮਨਾਂ ਵਿੱਚ ਆਪਣੀ ਖੂਬਸੂਰਤ ਪੈੜ ਛੱਡੀ ਤੇ ਇਸ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।ਇਸੇ ਦੌਰਾਨ ਪੰਥ ਦੀਆਂ ਮਾਇਆਨਾਜ ਹਸਤੀਆਂ ਵੱਲੋਂ ਗਿਆਨੀ ਜਸਵੰਤ ਸਿੰਘ ਦੀ ਸਵੈ-ਜੀਵਨੀ ਤੇ ਬੀਬਾ ਕਿਰਨਜੀਤ ਵੱਲੋਂ ਲਿਖਤ ਪੁਸਤਕ ‘ਹਸਤਾਖਰ’ ਅਤੇ ਗਿਆਨੀ ਜੀ ਵੱਲੋਂ ਗੁਰੂ ਜੱਸ ਗਾਇਣ ਸੀ ਡੀ ‘ਮਾਈ ਖਾਟਿ ਆਇਓ ਘਰਿ ਪੂਤਾ॥’ ਰਿਲੀਜ ਕੀਤੀ ਤੇ ਬੀਬਾ ਸਿਮਰਨ ਕੌਰ ਵੱਲੋਂ ਨਿਰਦੇਸ਼ਤ ਕੀਤੀ ਗਿਆਨੀ ਜੀ ਦੇ ਜੀਵਨ ਤੇ ਅਧਾਰਿਤ ਦਸਤਾਵੇਜੀ ਫਿਲਮ ਵੀ ਦਿਖਾਈ ਗਈ।
ਇਸ ਮੌਕੇ ਸ. ਰਣਜੀਤ ਸਿੰਘ ਤੇ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਵਧੀਕ ਸਕੱਤਰ, ਸ. ਜਗਜੀਤ ਸਿੰਘ ਮੀਤ ਸਕੱਤਰ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਅਮਰਜੀਤ ਸਿੰਘ ਇੰਚਾਰਜ, ਸ. ਜਸਵਿੰਦਰ ਸਿੰਘ ਐਡਵੋਕੇਟ, ਸ੍ਰ: ਕੁਲਜੀਤ ਸਿੰਘ, ‘ਸਿੰਘ ਬ੍ਰਦਰਜ’, ਭਾਈ ਹਰੀ ਸਿੰਘ ਤੇ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ, ਸ. ਰਘਬੀਰ ਸਿੰਘ ਰਾਜਾਸਾਂਸੀ, ਪ੍ਰਿੰਸੀਪਲ ਬਲਦੇਵ ਸਿੰਘ, ਪ੍ਰੋ: ਅਮਰਜੀਤ ਸਿੰਘ, ਸ. ਗੁਰਿੰਦਰ ਸਿੰਘ ਸ਼ਾਮਪੁਰਾ, ਸ੍ਰ: ਹਰਬੰਸ ਸਿੰਘ ਮੰਝਪੁਰ ਤੇ ਸ. ਕਸ਼ਮੀਰ ਸਿੰਘ ਬਰਿਆਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਗੁਰਜੀਤ ਸਿੰਘ ਔਜਲਾ, ਡਾਇਰੈਕਟਰ ਪ੍ਰਿੰਸੀਪਲ ਸੰਤ ਸਿੰਘ ਸੁੱਖਾ ਸਿੰਘ ਸਕੂਲ ਸ. ਜਗਦੀਸ਼ ਸਿੰਘ, ਸ. ਸਰਬਜੀਤ ਸਿੰਘ ਯੂ.ਕੇ., ਸ. ਗੁਰਚਰਨ ਸਿੰਘ ਰਾਠੌਰ ਅਤੇ ਪੰਥ ਪ੍ਰਸਿੱਧ ਨਾਮਵਰ ਹਸਤੀਆਂ ਸ਼ਾਮਿਲ ਹੋਈਆਂ।