1-04-2016-1ਅੰਮ੍ਰਿਤਸਰ 1 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਦੇ ਸਮੂਹ ਪ੍ਰਿੰਸੀਪਲਾਂ ਤੇ ਅਕਾਊਟੈਂਟਾਂ ਨਾਲ ਸ. ਹਰਚਰਨ ਸਿੰਘ ਮੁੱਖ ਸਕੱਤਰ ਤੇ ਸ. ਮਨਜੀਤ ਸਿੰਘ ਸਕੱਤਰ ਨੇ ਭਾਈ ਗੁਰਦਾਸ ਹਾਲ ਵਿਖੇ ਇਕੱਤਰਤਾ ਕੀਤੀ।
ਇਕੱਤਰਤਾ ਸਮੇਂ ਸ. ਹਰਚਰਨ ਸਿੰਘ ਮੁੱਖ ਸਕੱਤਰ ਨੇ ਕਿਹਾ ਕਿ ਸਕੂਲ ਦੇ ਤਿੰਨ ਅਹਿਮ ਪੱਖ ਹਨ ਪਹਿਲਾ ਪ੍ਰਾਪਤੀ, ਦੂਜਾ ਪ੍ਰਬੰਧ ਤੇ ਤੀਜਾ ਅਕਾਊਂਟ।ਉਨ੍ਹਾਂ ਇਕੱਤਰਤਾ ਵਿੱਚ ਹਾਜ਼ਰ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਦੇ ਮੁਖੀ ਦਾ ਨੈਤਿਕ ਫਰਜ਼ ਹੁੰਦਾ ਹੈ ਕਿ ਉਹ ਸਕੂਲ ਦੀ ਸੰਪੂਰਨ ਕਾਰਗੁਜ਼ਾਰੀ ਵੱਲ ਉਚੇਚੇ ਤੌਰ ਤੇ ਧਿਆਨ ਦੇਵੇ ਤੇ ਇਹ ਯਕੀਨੀ ਬਣਾਏ ਕਿ ਸਮੇਂ-ਸਮੇਂ ਸਕੂਲ ਦੀਆਂ ਕਿਹੜੀਆਂ ਪ੍ਰਾਪਤੀਆਂ ਹੋਈਆਂ ਹਨ।ਉਨ੍ਹਾਂ ਕਿਹਾ ਕਿ ਇਹ ਨਿਸ਼ਚਿਤ ਕੀਤਾ ਜਾਵੇ ਕਿ ਸਕੂਲ ਦਾ ਪ੍ਰਬੰਧ ਇੰਨਾ ਚੰਗਾ ਹੋਵੇ ਕਿ ਮਾਪੇ ਖੁਦ ਆਪਣੇ ਬੱਚਿਆਂ ਦੇ ਦਾਖਲੇ ਲਈ ਤੁਹਾਡੇ ਤੱਕ ਪਹੁੰਚ ਕਰਨ।ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਅਕਾਊਂਟ ਨਾਲ ਸਬੰਧਤ ਆਉਂਦੀਆਂ ਰੁਕਾਵਟਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਾ ਚਾਹੀਦਾ ਹੈ ਕਿਉਂਕਿ ਸਾਡਾ ਮਕਸਦ ਆਪਣਾ ਸਮਾਂ ਜ਼ਿਆਦਾ ਤੋਂ ਜ਼ਿਆਦਾ ਵਿੱਦਿਆ ਦੇ ਪ੍ਰਸਾਰ ਵਿੱਚ ਲਗਾਉਣਾ ਹੈ।ਉਨ੍ਹਾਂ ਕਿਹਾ ਕਿ ਸਕੂਲਾਂ ਦੇ ਪ੍ਰਿੰਸੀਪਲ ਖੁਦ ਵੀ ਅਕਾਊਂਟ ਦੀਆਂ ਬਾਰੀਕੀਆਂ ਨੂੰ ਸਮਝਣ ਤੇ ਹਰ ਪਹਿਲੂ ਨੂੰ ਚੈੱਕ ਕਰਨ ਤਾਂ ਕਿ ਕਿਸੇ ਕਿਸਮ ਦੀ ਕੋਈ ਸ਼ੰਕਾ ਨਾ ਰਹੇ।
ਸ. ਮਨਜੀਤ ਸਿੰਘ ਸਕੱਤਰ ਨੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਅਗਲੇ ਵਿਦਿਅਕ ਸੈਸ਼ਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਵਿੱਦਿਆ ਦੇ ਮਿਆਰ ਵਿੱਚ ਵੱਡੇ ਪੱਧਰ ਤੇ ਸੁਧਾਰ ਲਿਆਉਂਦਿਆਂ ਪ੍ਰਬੰਧ ਵਿੱਚ ਹੋਰ ਅਨੁਸ਼ਾਸਨਿਕ ਹੋਣ।ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਅਕਾਊਂਟ ਨਾਲ ਸਬੰਧਤ ਸਮੱਸਿਆ ਨੂੰ ਵੀ ਗੰਭੀਰਤਾ ਨਾਲ ਸੁਣਿਆ ਤੇ ਉਨ੍ਹਾਂ ਦੇ ਹੱਲ ਲਈ ਜ਼ਰੂਰੀ ਸੁਝਾਅ ਵੀ ਦਿੱਤੇ।ਇਸ ਸਮੇਂ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਤੇ ਬੀਬੀ ਹਰਜੀਤ ਕੌਰ ਡਿਪਟੀ ਡਾਇਰੈਕਟਰ ਨੇ ਵੀ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਸ. ਬਲਵਿੰਦਰ ਸਿੰਘ ਮੀਤ ਸਕੱਤਰ, ਸ. ਮਨਿੰਦਰ ਮੋਹਨ ਸਿੰਘ ਇੰਚਾਰਜ ਟਰੱਸਟ, ਸ. ਅਮਰਜੀਤ ਸਿੰਘ, ਸ. ਮਨਿੰਦਰਪਾਲ ਸਿੰਘ ਤੇ ਸ. ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।