ਅੰਮ੍ਰਿਤਸਰ: 06  ਜੂਨ- ੬ ਜੂਨ ੧੯੮੪ ‘ਚ ਸਮੇਂ ਦੀ ਕੇਂਦਰ ਵਿੱਚਲੀ ਕਾਂਗਰਸ ਸਰਕਾਰ ਵੱਲੋਂ ਆਪਣੇ ਦੇਸ਼ ਦੀ ਫੌਜ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਆਪਣੇ ਹੀ ਦੇਸ਼ ਦੀ ਫੌਜ ਕੋਲੋਂ ਹਮਲਾ ਕਰਵਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੀਆਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸ਼੍ਰੋਮਣੀ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ ਸਬੰਧੀ ਹਰ ਸਾਲ ਦੀ ਤਰ੍ਹਾਂ ਇਸ ਵਾਰ ੩੦ਵੀਂ ਵਰੇਗੰਢ ਮਨਾ ਕੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰ ਰਹੀ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਆਪਣੀ ਆਦਤ ਮੁਤਾਬਿਕ ਸਿਮਰਨਜੀਤ ਸਿੰਘ ਮਾਨ ਤੇ ਅਮਰੀਕ ਸਿੰਘ ਅਜਨਾਲਾ ਨੇ ਆਪਣੇ ਨਾਲ ਲਿਆਂਦੇ ਸਾਥੀਆਂ ਨੂੰ ਉਕਸਾ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਡੇ ਮੁਲਾਜਮਾਂ ਤੇ ਕਿਰਪਾਨਾਂ, ਦਾਤਰਾਂ ਨਾਲ ਹਮਲਾ ਕਰਕੇ ਉਨ੍ਹਾਂ ਕੋਲੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਭਾਈ ਸਤਨਾਮ ਸਿੰਘ ਜਖ਼ਮੀ ਹੋ ਗਏ। ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਏ ਭਾਈ ਗੁਰਵਿੰਦਰ ਸਿੰਘ ਸੇਵਾਦਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਤਨਾਮ ਸਿੰਘ ਸੇਵਾਦਾਰ ਸਮੇਤ ਤਕਰੀਬਨ ੬ ਮੁਲਾਜ਼ਮ ਸਖ਼ਤ ਜਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ, ਅਮਰੀਕ ਸਿੰਘ ਅਜਨਾਲਾ ਤੇ ਇਨ੍ਹਾਂ ਦੇ ਸਾਥੀਆਂ ਦਾ ਮੁਖ ਮਕਸਦ ਹੈ ਕਿ ਸ਼੍ਰੋਮਣੀ ਕਮੇਟੀ ਸ਼ਹੀਦਾਂ ਦਾ ਦਿਹਾੜਾ ਨਾ ਮਨਾਏ ਤੇ ਇਸੇ ਮਨਸ਼ਾ ਤਹਿਤ ਹੀ ਇਨ੍ਹਾਂ ਅਨਸਰਾਂ ਨੇ ਆਪਣੇ ਗੁੰਡਿਆਂ ਪਾਸੋਂ ਸਾਡੇ ਮੁਲਾਜਮਾਂ ਤੇ ਹਮਲਾ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਅਜਿਹੀ ਕਾਰਵਾਈ ਨਾਲ ਜਿਥੇ ਸ਼ਹੀਦਾਂ ਦਾ ਅਪਮਾਨ ਹੋਇਆ ਹੈ ਉਥੇ ਮਰਯਾਦਾ ‘ਚ ਵੀ ਖਲਲ ਪਿਆ ਹੈ ਕਿਉਂਕਿ ਇਨ੍ਹਾਂ ਲੋਕਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਥੇ ਲੋਕ ਸ਼ਰਧਾ ਵੱਸ ਨਤਮਸਤਕ ਹੁੰਦੇ ਹਨ ਉਥੇ ਸਾਡੇ ਮੁਲਾਜ਼ਮਾਂ ਤੇ ਇਥੋਂ ਤੀਕ ਕੇ ਧਾਰਮਿਕ ਸਖਸ਼ੀਅਤਾਂ ਨੂੰ ਵੀ ਗੰਦੀਆਂ ਗਾਲਾਂ ਕੱਢੀਆਂ ਹਨ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਉਪਰੰਤ ਹੋਂਦ ਵਿੱਚ ਆਈ ਹੈ। ਇਸ ਦੇ ਕੰਮ ਕਾਜ ਜਾਂ ਪ੍ਰਬੰਧ ਵਿੱਚ ਕਿਸੇ ਨੂੰ ਦਖਲ ਅੰਦਾਜੀ ਕਰਨ ਦੀ ਹਰਗਿਜ ਇਜਾਜਤ ਨਹੀਂ ਦਿੱਤੀ ਜਾਵੇਗੀ।