ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੂਰੇ ਜਾਹੋ ਜਲਾਲ ਨਾਲ ਗੁਰਦੁਆਰਾ ਚਾਚਾ ਫਗੂਮਲ ਜੀ, ਸਾਸਾਰਾਮ ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ
ਅੰਮ੍ਰਿਤਸਰ : 31 ਦਸੰਬਰ ( ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ-ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਆਖਰੀ ਦਿਨ ਗੁਰਦੁਆਰਾ ਚਾਚਾ ਫਗੂਮਲ ਜੀ, ਸਾਸਾਰਾਮ (ਬਿਹਾਰ) ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ। ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਚਾਚਾ ਫਗੂਮਲ ਜੀ, ਸਾਸਾਰਾਮ (ਬਿਹਾਰ) ਵਿਖੇ ਭਾਈ ਸੰਦੀਪ ਸਿੰਘ ਦੇ ਰਾਗੀ ਜਥੇ ਵੱਲੋਂ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਭਾਈ ਜੱਜ ਸਿੰਘ ਪ੍ਰਚਾਰਕ ਵੱਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਦਸਮੇਸ਼ ਪਿਤਾ ਜੀ ਦੇ ਜੀਵਨ ਤੇ ਚਾਨਣਾ ਪਾਇਆ ਗਿਆ। ਅਰਦਾਸ ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ ਨੇ ਕੀਤੀ ਤੇ ਹੁਕਮਨਾਮਾ ਭਾਈ ਰਣਜੀਤ ਸਿੰਘ ਮੁੱਖ ਗ੍ਰੰਥੀ ਨੇ ਲਿਆ। ਸਤਿਨਾਮੁ-ਵਾਹਿਗੁਰੂ ਦਾ ਜਾਪੁ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ੍ਰ: ਬਿਜੈ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ-ਕੀਰਤਨ ਦਸਮੇਸ਼ ਪਿਤਾ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ ਲਈ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਕੀਤਾ।
ਇਸ ਮੌਕੇ ‘ਤੇ ਸ੍ਰ: ਬਿਜੈ ਸਿੰਘ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਹਿਬ-ਏ-ਕਮਾਲ, ਨੀਲੇ ਦੇ ਸ਼ਾਹ ਅਸਵਾਰ, ਸ਼ਾਹਿ ਸ਼ਾਹਨਸ਼ਾਹ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦੇਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਚਾਚਾ ਫਗੂਮਲ ਜੀ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਿੱਖ ਜਥੇਬੰਦੀਆਂ ਦੇ ਇਲਾਵਾ, ਗੈਰ ਸਿੱਖ ਜਥੇਬੰਧੀਆਂ ਜਿਨ੍ਹਾਂ ਨਗਰ-ਕੀਰਤਨ ਵਿੱਚ ਸੰਗਤਾਂ ਨਾਲ ਸਹਿਯੋਗ ਕੀਤਾ ਅਤੇ ਪੰਜਾਬ ਪੁਲੀਸ ਤੇ ਯੂ ਪੀ ਪੁਲੀਸ ਜਿਨ੍ਹਾਂ ਸਾਰਾ ਰਸਤਾ ਬੜੇ ਹੀ ਸੁਚੱਜੇ ਢੰਗ ਨਾਲ ਸਕਿਉਰਟੀ ਦੀ ਸੇਵਾ ਨਿਭਾਈ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸਖ਼ਸ਼ੀਅਤ ਬਹੁਤ ਸਾਰੇ ਗੁਣਾ ਦਾ ਸੁਮੇਲ ਸੀ। ਉਨ੍ਹਾਂ ਵਿਚ ਇਕੋ ਸਮੇਂ ਅਧਿਆਤਮਕ ਨੇਤਾ, ਉੱਚ ਕੋਟੀ ਦੇ ਸੰਗਠਨਕਰਤਾ, ਜਮਾਂਦਰੂ ਸੈਨਾ ਨਾਇਕ, ਪ੍ਰਤਿਭਾਸ਼ਾਲੀ ਵਿਦਵਾਨ ਅਤੇ ਸੱਚੇ ਸੁਧਾਰਕ ਦੇ ਗੁਣ ਵਿਦਮਾਨ ਸਨ। ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਤੇ ਜ਼ਬਰ ਲਈ ਤਲਵਾਰ ਉਠਾਉਣ ਲਈ ਲਲਕਾਰਿਆ। ਉਨ੍ਹਾਂ ਜ਼ਬਰ ਤੇ ਜ਼ੁਲਮ ਦਾ ਟਾਕਰਾ ਕੀਤਾ ਤੇ ਮਜ਼ਲੂਮਾ ਦੀ ਰੱਖਿਆ ਕੀਤੀ। ਬਾਲ ਗੋਬਿੰਦ ਰਾਏ ਨੇ ਆਦਿ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤ ਸੁਹਾਵੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਘਰ ਪ੍ਰਗਟ ਹੋ ਬਾਲ ਵਰੇਸ ਦੇ ਅਗੰਮੀ ਕੌਤਕ ਕੀਤੇ। ਉਨ੍ਹਾਂ ਸਮੂਹ ਸੰਗਤਾਂ ਨੂੰ ਦਸਮੇਸ਼ ਪਿਤਾ ਜੀ ਦੇ ਬਚਨਾ ਤੇ ਚੱਲਣ ਲਈ ਬੇਨਤੀ ਕੀਤੀ।
ਉਪਰੰਤ ਗੁਰਦੁਆਰਾ ਚਾਚਾ ਫਗੂਮਲ ਦੇ ਪ੍ਰਧਾਨ ਸ੍ਰ: ਸਰਬਜੀਤ ਸਿੰਘ ਤੇ ਸ੍ਰ: ਰਜਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਸੰਗਤਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ੍ਰ: ਬਿਜੈ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਸ੍ਰ: ਲਖਬੀਰ ਸਿੰਘ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਤੇਜਿੰਦਰ ਸਿੰਘ ਪੱਡਾ, ਸ੍ਰ: ਸਤਨਾਮ ਸਿੰਘ ਇੰਚਾਰਜ, ਸ੍ਰ: ਸਤਨਾਮ ਸਿੰਘ ਮੀਤ ਮੈਨੇਜਰ, ਸ੍ਰ: ਬ੍ਰਿਜਪਾਲ ਸਿੰਘ ਇੰਚਾਰਜ ਯੂ ਪੀ ਸਿੱਖ ਮਿਸ਼ਨ ਹਾਪੜ, ਸ੍ਰ: ਗੁਲਜ਼ਾਰ ਸਿੰਘ ਸੁਪਰਵਾਈਜ਼ਰ, ਸ੍ਰ: ਗੁਰਮੀਤ ਸਿੰਘ ਬੁੱਟਰ, ਸ੍ਰ: ਜਤਿੰਦਰ ਸਿੰਘ ਫੇਟੋ ਗ੍ਰਾਫ਼ਰ, ਸ੍ਰ: ਹਰਭਜਨ ਸਿੰਘ ਸੁਪਰਵਾਈਜ਼ਰ ਫਲਾਇੰਗ, ਸ੍ਰ: ਗੁਰਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ, ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ, ਭਾਈ ਜੱਜ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਸਤਵੰਤ ਸਿੰਘ, ਭਾਈ ਅਮਰਜੀਤ ਸਿੰਘ ਜੰਡੀ ਤੇ ਭਾਈ ਹਰਪ੍ਰੀਤ ਸਿੰਘ, ਭਾਈ ਜੀਵਨਜੀਤ ਸਿੰਘ ਤੇ ਭਾਈ ਲਖਵਿੰਦਰ ਸਿੰਘ ਪ੍ਰਚਾਰਕ, ਭਾਈ ਸਤਨਾਮ ਸਿੰਘ ਦਰਦੀ ਕਵੀਸ਼ਰ, ਭਾਈ ਗੁਰਭੇਜ ਸਿੰਘ ਚਵਿੰਡਾ ਢਾਡੀ ਜਥਾ, ਸ੍ਰ: ਸਮਸ਼ੇਰ ਸਿੰਘ ਤੇ ਸ੍ਰ: ਦਿਲਖੁਸ਼ ਸਿੰਘ ਪੀ ਟੀ ਸੀ ਨਿਊਜ਼ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ੍ਰ: ਬਿਜੈ ਸਿੰਘ ਨੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਚਾਚਾ ਫਗੂਮਲ ਜੀ ਦੇ ਪ੍ਰਧਾਨ ਸ੍ਰ: ਸਰਬਜੀਤ ਸਿੰਘ ਤੇ ਸ੍ਰ: ਰਜਿੰਦਰ ਸਿੰਘ, ਸ੍ਰ: ਸਮੇਰ ਸਿੰਘ ਸਕੱਤਰ, ਭਾਈ ਰਣਜੀਤ ਸਿੰਘ ਗ੍ਰੰਥੀ, ਸ੍ਰ: ਚਰਨਜੀਤ ਸਿੰਘ ਮੈਨੇਜਰ, ਸ੍ਰ: ਜਾਨਮ ਸਿੰਘ, ਸ੍ਰ: ਕੁਲਦੀਪ ਸਿੰਘ ਮੈਂਬਰ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸ੍ਰ: ਮੰਗਲ ਸਿੰਘ ਜਨਰਲ ਸਕੱਤਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਾਸਾਰਮ ਨੂੰ ਸਨਮਾਨਿਤ ਕੀਤਾ।
ਗੁਰਦੁਆਰਾ ਚਾਚਾ ਫਗੂਮਲ ਜੀ ਸਾਸਾਰਾਮ (ਬਿਹਾਰ) ਤੋਂ ਰਵਾਨਾ ਹੋ ਕੇ ਨਗਰ-ਕੀਰਤਨ ਆਰਾ, ਦਾਨਾਪੁਰ, ਬੀਟਾ ਤੋਂ ਹੁੰਦਾ ਹੋਇਆ ਦਸਮ ਪਿਤਾ ਦੀ ਜਨਮ ਭੂਮੀ ਤਖ਼ਤ ਸ੍ਰੀ ਪਟਨਾ ਸਾਹਿਬ ਜੀ (ਬਿਹਾਰ) ਵਿਖੇ ਸੰਪੰਨ ਹੋਵੇਗਾ। ਜਿੱਥੇ ਇਸ ਵਿਸ਼ਾਲ ਨਗਰ-ਕੀਰਤਨ ਦਾ ਸਵਾਗਤ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਅਤੇ ਸਮੂਹ ਮੈਂਬਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਰਨਗੇ। ੧ ਜਨਵਰੀ ਤੋਂ ੫ ਜਨਵਰੀ ਤੀਕ ਗੁਰਮਤਿ ਸਮਾਗਮ ਸਜਾਏ ਜਾਣਗੇ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਇਲਾਹੀ ਬਾਣੀ ਦਾ ਕੀਰਤਨ ਕਰਨਗੇ। ਇਸ ਦੇ ਇਲਾਵਾ, ਪ੍ਰਚਾਰਕ, ਢਾਡੀ, ਕਵੀਸ਼ਰ ਤੇ ਕਥਾਵਾਚਕ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਘੋੜ ਦੌੜ, ਨੇਜ਼ਾਬਾਜੀ ਅਤੇ ਗਤਕੇ ਦੇ ਜੌਹਰ ਦਿਖਾਏ ਜਾਣਗੇ ਅਤੇ ਸੈਮੀਨਾਰ ਕਰਵਾਏ ਜਾਣਗੇ।
ਫੁੱਲਾਂ ਨਾਲ ਸਜ਼ੀ ਪਾਲਕੀ ਸਾਹਿਬ ਵਾਲੀ ਗੱਡੀ ਵਿੱਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਤੇ ਪਿੱਛੇ-ਪਿੱਛੇ ਗੁਰੂ ਸਾਹਿਬ ਜੀ ਦੇ ਸ਼ਸਤਰਾਂ-ਬਸਤਰਾਂ ਵਾਲੀ ਗੱਡੀ ਜਾ ਰਹੀ ਸੀ। ਜਿਸ ਵਿੱਚ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ ਅਤੇ ਹੱਥ ਲਿਖਤ ਪੋਥੀ ਸੁਸ਼ੋਭਿਤ ਹੈ। ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਿਕ ਹੋ ਕੇ ਅਤੇ ਸ਼ਸਤਰਾਂ-ਬਸਤਰਾਂ ਦੇ ਦਰਸ਼ਨ-ਦੀਦਾਰੇ ਕਰਕੇ ਨਿਹਾਲ ਹੋ ਰਹੀਆਂ ਸਨ। ਨਗਰ ਕੀਰਤਨ ਦੇ ਅੱਗੇ-ਅੱਗੇ ਨਗਾਰਚੀ ਸਿੰਘ ਚੜ੍ਹਦੀ ਕਲਾ ਦਾ ਪ੍ਰਤੀਕ ਨਗਾਰਾ ਵਜਾ ਰਹੇ ਸਨ। ਨਗਰ ਕੀਰਤਨ ‘ਚ ਧਾਰਮਿਕ ਸਭਾ ਸੁਸਾਇਟੀਆਂ, ਸ਼ਬਦ-ਕੀਰਤਨੀ ਜਥਿਆਂ, ਗਤਕਾ ਪਾਰਟੀਆਂ, ਬੈਂਡ ਪਾਰਟੀਆਂ ਅਤੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ। ਪਾਲਕੀ ਸਾਹਿਬ ਦੇ ਨਾਲ-ਨਾਲ ਸੰਗਤਾਂ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਜਾ ਰਹੀਆਂ ਸਨ।
ਰਸਤੇ ਵਿੱਚ ਜਗ੍ਹਾ-ਜਗ੍ਹਾ ਸੰਗਤਾਂ ਵੱਲੋਂ ਬੜੀ ਸ਼ਰਧਾ-ਭਾਵਨਾ ਤੇ ਸਤਿਕਾਰ ਸਹਿਤ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਸਾਹਿਬ ਦੇ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਦੀਦਾਰੇ ਕੀਤੇ ਗਏ। ਵੱਖ-ਵੱਖ ਪੜਾਵਾਂ ਤੇ ਸੰਗਤਾਂ ਨੇ ਪ੍ਰਸ਼ਾਦੇ ਦੇ ਲੰਗਰ, ਫਲਾਂ ਦੇ ਲੰਗਰ, ਮਠਿਆਈਆਂ ਅਤੇ ਚਾਹ ਦੇ ਲੰਗਰ ਲਗਾ ਕੇ ਨਗਰ-ਕੀਰਤਨ ਵਿੱਚ ਸ਼ਾਮਿਲ ਸੰਗਤਾਂ ਦੀ ਸੇਵਾ ਕੀਤੀ।
ਇਸ ਮੌਕੇ ਸ੍ਰ: ਰੇਸ਼ਮ ਸਿੰਘ, ਸ੍ਰ: ਹਰਦੀਪ ਸਿੰਘ, ਸ੍ਰ: ਧਰਮ ਸਿੰਘ, ਸ੍ਰ: ਯੁਵਰਾਜ ਸਿੰਘ, ਸ੍ਰ: ਇਕਬਾਲ ਸਿੰਘ, ਸ੍ਰ: ਰਣਜੀਤ ਸਿੰਘ ਤੇ ਸ੍ਰ: ਗੁਰਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ ਦੇ ਇਲਾਵਾ ਸ਼੍ਰੋਮਣੀ ਕਮੇਟੀ ਦਾ ਸਟਾਫ ਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।