ਸ੍ਰੀ ਫ਼ਤਹਿਗੜ੍ਹ ਸਾਹਿਬ, 14 ਮਈ (          ) – ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਗਈ ਸਰਹਿੰਦ ਫਤਹਿ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਰਣਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਭਾਈ ਕੁਲਦੀਪ ਸਿੰਘ ਅਤੇ ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੇ ਸ਼ਬਦ ਕੀਰਤਨ ਕੀਤਾ। ਸਿੱਖ ਪੰਥ ਦੇ ਮਹਾਨ ਢਾਡੀ ਗਿਆਨੀ ਨਿਰਮਲ ਸਿੰਘ ਨੂਰ ਦੇ ਜਥੇ ਨੇ ਸਰਹਿੰਦ ਫਤਹਿ ਦੇ ਇਤਿਹਾਸ ਨੂੰ ਸੰਗਤ ਨਾਲ ਸਾਂਝਾ ਕੀਤਾ।
ਇਸ ਮੌਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਾਡਾ ਉਹ ਮਹਾਨ ਸਿੱਖ ਨਾਇਕ ਹੈ ਜਿਸ ਨੇ ਕੌਮ ਅੰਦਰ ਫਤਹਿ ਦੇ ਜਜ਼ਬੇ ਨੂੰ ਪ੍ਰਚੰਡ ਕੀਤਾ। ਉਨ੍ਹਾਂ ਆਖਿਆਂ ਕਿ ਜਾਲਿਮ ਮੁਗਲ ਸਲਤਨਤ ਦੇ ਮਜਬੂਤ ਕਿਲ੍ਹੇ ਨੂੰ ਢਹਿ-ਢੇਰੀ ਕਰ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਦਰਸਾ ਦਿੱਤਾ ਕਿ ਸਿੱਖ ਕੌਮ ਜੁਲਮ ਅਤੇ ਅਨਿਆਂ ਦੇ ਵਿਰੁੱਧ ਸੰਘਰਸ਼ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਰਹੀ। ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਦਰਸਾਏ ਰਸਤੇ ਦੀ ਚੱਲਣ ਦੀ ਵੱਡੀ ਲੋੜ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਰਵਿੰਦਰ ਸਿੰਘ ਖ਼ਾਲਸਾ, ਸ. ਅਵਤਾਰ ਸਿੰਘ ਰਿਆ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ‘ਰਮਦਾਸ’, ਸ. ਸਿਮਰਜੀਤ ਸਿੰਘ ਤੇ ਸ. ਹਰਜੀਤ ਸਿੰਘ ਲਾਲੂਘੁੰਮਣ, ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਮੈਨੇਜਰ ਸ. ਅਮਰਜੀਤ ਸਿੰਘ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਸ. ਨੱਥਾ ਸਿੰਘ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਮੈਨੇਜਰ ਸ. ਬਲਵਿੰਦਰ ਸਿੰਘ ਭਮਾਰਸੀ, ਗੱਤਕਾ ਇੰਚਾਰਜ ਸ. ਹਰਦੀਪ ਸਿੰਘ, ਗੱਤਕਾ ਕੋਚ ਸ. ਸੁਪ੍ਰੀਤ ਸਿੰਘ ਆਦਿ ਹਾਜ਼ਰ ਸਨ।