21-1ਸ਼੍ਰੋਮਣੀ ਕਮੇਟੀ ਮੈਂਬਰਾਂ, ਸਕੱਤਰਾਂ ਤੇ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ

ਅੰਮ੍ਰਿਤਸਰ 1 ਅਕਤੂਬਰ (        ) ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ਦੇ ਪਿੰਡਾਂ ਵਿਚੋਂ ਉਠਾਏ ਗਏ ਲੋਕਾਂ ਦੀ ਸੁਰੱਖਿਆ, ਲੰਗਰ, ਰਿਹਾਇਸ਼, ਮੈਡੀਕਲ ਸਹੂਲਤਾਂ ਅਤੇ ਹੋਰ ਪ੍ਰਬੰਧਾਂ ਦੀ ਦੇਖ-ਰੇਖ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂਬਰਾਂ, ਸਕੱਤਰਾਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਪੱਤਰਕਾਰ ਸੰਮੇਲਨ ਸਮੇਂ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਅੱਜ ਦਫਤਰ ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਹਾਲ ਵਿਖੇ ਸਕੱਤਰ ਸਾਹਿਬਾਨ ਤੇ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰਾਂ ਨਾਲ ਵਿਚਾਰ-ਵਟਾਂਦਰੇ ਉਪਰੰਤ ਸਰਹੱਦੀ ਲੋਕਾਂ ਵਾਸਤੇ ਢੁੱਕਵੇਂ ਪ੍ਰਬੰਧ ਕਰਨ ਲਈ ਜ਼ਿੰਮੇਵਾਰੀਆਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ੧੧ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਫਿਰੋਜ਼ਪੁਰ, ਫਾਜ਼ਿਲਕਾ, ਅਬੋਹਰ ਦਾ ਖੇਤਰ ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਮੋਹਣ ਸਿੰਘ ਬੰਗੀ ਦੋਵੇਂ ਮੈਂਬਰ ਅੰਤ੍ਰਿੰਗ ਕਮੇਟੀ, ਸ. ਦਰਸ਼ਨ ਸਿੰਘ ਮੋਠਾਂਵਾਲਾ, ਸ. ਪ੍ਰੀਤਮ ਸਿੰਘ ਮਨਸੀਆਂ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਦੇ ਸਰਹੱਦੀ ਖੇਤਰ ਲਈ ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲਾ, ਜਥੇ. ਸੁੱਚਾ ਸਿੰਘ ਲੰਗਾਹ, ਸ. ਸੁਰਜੀਤ ਸਿੰਘ ਭਿੱਟੇਵਿਡ, ਸ. ਮਨਜੀਤ ਸਿੰਘ ਸਕੱਤਰ ਤੇ ਸ. ਸੁਲੱਖਣ ਸਿੰਘ ਮੈਨੇਜਰ ਸ਼ਾਮਲ ਕੀਤੇ ਗਏ ਹਨ।
ਜਥੇਦਾਰ ਅਵਤਾਰ ਸਿੰਘ ਨੇ ਜ਼ਿਲ੍ਹੇਵਾਰ ਰਾਹਤ ਕੈਂਪਾਂ ਆਧਾਰਿਤ ਸ਼੍ਰੋਮਣੀ ਕਮੇਟੀ ਸਕੱਤਰਾਂ ਨੂੰ ਤਾਇਨਾਤ ਕੀਤਾ ਹੈ।ਖੇਮਕਰਨ ਬਾਰਡਰ ਵਿਖੇ ਸ. ਹਰਭਜਨ ਸਿੰਘ ਮਨਾਵਾਂ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਅਟਾਰੀ ਬਾਰਡਰ ਵਿਖੇ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ ਤੇ ਸ. ਬਲਵਿੰਦਰ ਸਿੰਘ ਕਾਹਲਵਾਂ ਮੀਤ ਸਕੱਤਰ, ਗੁਰਦਾਸਪੁਰ ਤੇ ਪਠਾਨਕੋਟ ਬਾਰਡਰ ਵਿਖੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਤੇ ਸ. ਕੁਲਵਿੰਦਰ ਸਿੰਘ ਰਮਦਾਸ ਮੀਤ ਸਕੱਤਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਬਾਰਡਰ ਵਿਖੇ ਸ. ਕੇਵਲ ਸਿੰਘ ਤੇ ਸ. ਬਿਜੈ ਸਿੰਘ ਵਧੀਕ ਸਕੱਤਰ ਅਤੇ ਸ. ਮਹਿੰਦਰ ਸਿੰਘ ਮੀਤ ਸਕੱਤਰ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਪ੍ਰਬੰਧਾਂ ਵਿੱਚ ਸ. ਪ੍ਰਤਾਪ ਸਿੰਘ ਵਧੀਕ ਸਕੱਤਰ, ਸ. ਸਕੱਤਰ ਸਿੰਘ ਮੀਤ ਸਕੱਤਰ ਤੇ ਇੰਚਾਰਜ ਫਲਾਇੰਗ ਵਿਭਾਗ ਸਹਿਯੋਗ ਦੇਣਗੇ।ਉਨ੍ਹਾਂ ਕਿਹਾ ਕਿ ਸ. ਹਰਚਰਨ ਸਿੰਘ ਮੁੱਖ ਸਕੱਤਰ ਤੇ ਡਾ. ਰੂਪ ਸਿੰਘ ਸਕੱਤਰ ਇਨ੍ਹਾਂ ਕਾਰਜਾਂ ਦੇ ਮੁਕੰਮਲ ਤੌਰ ‘ਤੇ ਕੰਟਰੋਲਰ ਹੋਣਗੇ ਇਸੇ ਤਰ੍ਹਾਂ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਪ੍ਰੈਸ ਕੰਟਰੋਲਰ ਵਜੋਂ ਸੇਵਾਵਾਂ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਵਾਸਤੇ ਜਿਨ੍ਹਾਂ ਗੁਰਦੁਆਰਾ ਸਾਹਿਬਾਨਾਂ ਵਿੱਚ ਪ੍ਰਬੰਧ ਕੀਤੇ ਗਏ ਹਨ ਉਨ੍ਹਾਂ ਵਿੱਚ ਖੇਮਕਰਨ ਬਾਰਡਰ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ, ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਸ਼ਹੀਦ ਸ੍ਰੀ ਅੰਮ੍ਰਿਤਸਰ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ (ਤਰਨ ਤਾਰਨ), ਗੁਰਦੁਆਰਾ ਭਾਈ ਤਾਰਾ ਸਿੰਘ ਸ਼ਹੀਦ ਪਿੰਡ ਵਾਂ (ਤਰਨ ਤਾਰਨ) ਅਤੇ ਗੁਰਦੁਆਰਾ ਬਾਬਾ ਬੀਰ ਸਿੰਘ ਪਿੰਡ ਰੱਤੋਕੇ (ਤਰਨ ਤਾਰਨ) ਦਾ ਪ੍ਰਬੰਧ ਹੋਵੇਗਾ ਅਤੇ ਅਟਾਰੀ ਬਾਰਡਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਗੁਰਦੁਆਰਾ ਸਤਲਾਣੀ ਸਾਹਿਬ ਪਿੰਡ ਹੁਸ਼ਿਆਰਪੁਰ (ਅੰਮ੍ਰਿਤਸਰ), ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਅੰਮ੍ਰਿਤਸਰ ਤੇ ਗੁਰਦੁਆਰਾ ਪਾਤਸ਼ਾਹੀ ਪੰਜਵੀ ਤੇ ਛੇਵੀਂ ਸ੍ਰੀ ਛੇਹਰਟਾ ਸਾਹਿਬ ਅੰਮ੍ਰਿਤਸਰ, ਗੁਰਦਾਸਪੁਰ ਬਾਰਡਰ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ (ਰੋਪੜ), ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਹਰਾ ਬਾਬਾ ਨਾਨਕ (ਗੁਰਦਾਸਪੁਰ), ਗੁਰਦੁਆਰਾ ਕੰਧ ਸਾਹਿਬ ਬਟਾਲਾ ਗੁਰਦਾਸਪੁਰ, ਗੁਰਦੁਆਰਾ ਡੇਹਰਾ ਸਾਹਿਬ ਸਤਿਕਰਤਾਰੀਆ ਬਟਾਲਾ ਗੁਰਦਾਸਪੁਰ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ, ਪਠਾਨਕੋਟ ਬਾਰਡਰ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ (ਰੋਪੜ), ਗੁਰਦੁਆਰਾ ਸ੍ਰੀ ਬਾਰਠ ਸਾਹਿਬ, ਪਠਾਨਕੋਟ, ਗੁਰਦੁਆਰਾ ਬੁਰਜ ਸਾਹਿਬ, ਧਾਰੀਵਾਲ ਗੁਰਦਾਸਪੁਰ, ਗੁਰਦੁਆਰਾ ਸ੍ਰੀ ਅਚੱਲ ਸਾਹਿਬ, ਬਟਾਲਾ ਗੁਰਦਾਸਪੁਰ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਇਸੇ ਤਰ੍ਹਾਂ ਫਿਰੋਜ਼ਪੁਰ ਬਾਰਡਰ ਵਿਖੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਕਪੂਰਥਲਾ, ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਦਸਵੀਂ, ਬਜੀਦਪੁਰ ਫਿਰੋਜ਼ਪੁਰ, ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਹਾਜੀਰਤਨ ਬਠਿੰਡਾ ਅਤੇ ਫਾਜ਼ਿਲਕਾ ਬਾਰਡਰ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬ੍ਹੋ ਬਠਿੰਡਾ, ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਨਾਮ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰਾਂ ਨੂੰ ਸਰਹੱਦੀ ਲੋਕਾਂ ਦੀ ਰਿਹਾਇਸ਼ ਅਤੇ ਲੰਗਰ ਲਈ ਯੋਗ ਪ੍ਰਬੰਧ ਕਰਨ ਵਾਸਤੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਵੱਲੋਂ ਪਿੰਡਾਂ ਦੇ ਲੋਕਾਂ ਲਈ ਮੈਡੀਕਲ ਕੈਂਪ ਅਤੇ ਐਂਬੂਲੈਂਸ ਵੈਨਾਂ ਦੇ ਬੂਥ ਵੀ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਇਹ ਬੂਥ ਗੁਰਦੁਆਰਾ ਬਾਬਾ ਬੀਰ ਸਿੰਘ ਪਿੰਡ ਰੱਤੋਕੇ, ਗੁਰਦੁਆਰਾ ਸ੍ਰੀ ਬਾਰਠ ਸਾਹਿਬ ਪਠਾਨਕੋਟ, ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਦਸਵੀਂ, ਬਜੀਦਪੁਰ ਫਿਰੋਜ਼ਪੁਰ ਅਤੇ ਗੁਰਦੁਆਰਾ ਸਤਲਾਣੀ ਸਾਹਿਬ ਪਿੰਡ ਹੁਸ਼ਿਆਰਨਗਰ ਵਿਖੇ ਲੱਗਣਗੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਨ੍ਹਾਂ ਥਾਵਾਂ ਤੇ ਕੈਂਪ ਬਣਾਏ ਗਏ ਹਨ ਉਨ੍ਹਾਂ ਵਿੱਚ ਅਟਾਰੀ ਵਿਖੇ ਗੁਰਦੁਆਰਾ ਸਤਲਾਣੀ ਸਾਹਿਬ ਪਿੰਡ ਹੁਸ਼ਿਆਰਨਗਰ, ਗੁਰਦਾਸਪੁਰ ਵਿਖੇ ਰਮਦਾਸ, ਪਠਾਨਕੋਟ ਦੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ ਤੇ ਜਲਾਲਬਾਦ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੈਡ ਕੁਆਟਰ ਖੇਮਕਰਨ ਦੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਤਰਨਤਾਰਨ ਨੂੰ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕੰਟਰੋਲ ਰੂਮ ਵਿੱਚ ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ ਤੇ ਸ. ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ ਨੂੰ ਲਗਾਇਆ ਗਿਆ ਹੈ ਜਿਨ੍ਹਾਂ ਨਾਲ ਮੋਬਾਇਲ ਨੰਬਰ ਕ੍ਰਮਵਾਰ ੯੯੧੪੨-੪੬੨੦੭ ਅਤੇ ੯੮੧੪੭-੭੭੨੨੪ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਬਾਬਾ ਬੀਰ ਸਿੰਘ ਰੱਤੋਕੇ ਦੇ ਪਿੰਡ ਮਹਿੰਦੀਪੁਰ ਮੀਆਂਵਾਲਾ ਤੇ ਗੁਰਦੁਆਰਾ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੇ ਪਿੰਡ ਗਿੱਲ ਪੰਨ, ਥੇਹ ਕਲਾਂ, ਠੱਠੀ ਜੈਮਲ ਸਿੰਘ ਅਤੇ ਗੁਰਦੁਆਰਾ ਜਨਮ ਅਸਥਾਨ ਬਾਬਾ ਦੀਪ ਸਿੰਘ ਪਹੂਵਿੰਡ ਭਿੱਖੀਵਿੰਡ ਵਿਖੇ ਲੰਗਰ ਦਾ ਕੰਮ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਵਿਦਿਆ, ਮੈਡੀਕਲ, ਲੰਗਰ, ਸਰਾਵਾਂ, ਗੁਰਦੁਆਰਾ ਪ੍ਰਬੰਧ ਸੁਧਾਰ, ਕੁਦਰਤੀ ਆਫਤਾਂ ਜਿਵੇਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤ, ਨੇਪਾਲ ਵਿੱਚ ਭੂਚਾਲ ਪੀੜਤ ਤੇ ਉਤਰਾਖੰਡ ਵਿੱਚ ਬੱਦਲ ਫੱਟਣ ਕਾਰਨ ਆਈ ਆਫਤ ਸਮੇਂ ਆਪਣੇ ਗੁਰੂ ਸਾਹਿਬ ਵੱਲੋਂ ਮਿਲੇ ਸੇਵਾ ਤੇ ਸਿਮਰਨ ਦੇ ਸਿਧਾਂਤ ਅਤੇ ਸਾਂਝੀਵਾਲਤਾ ਦੇ ਉਪਦੇਸ਼ ਅਨੁਸਾਰ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਹੁਣ ਸਰਹੱਦ ਤੇ ਬਣੇ ਤਣਾਅਪੂਰਨ ਹਾਲਾਤ ਸਮੇਂ ਵੀ ਲੋਕਾਈ ਦੀ ਸੇਵਾ ਲਈ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਰ ਸੰਭਵ ਯਤਨ ਕਰੇਗੀ।ਉਨ੍ਹਾਂ ਕਿਹਾ ਕਿ ਮੇਰੇ ੧੧ ਸਾਲ ਪ੍ਰਧਾਨਗੀ ਪਦ ਤੇ ਰਹਿਣ ਸਮੇਂ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਸਮੁੱਚਾ ਸ਼੍ਰੋਮਣੀ ਅਕਾਲੀ ਦਲ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਵੱਲੋਂ ਦਿੱਤਾ ਭਰਪੂਰ ਸਹਿਯੋਗ ਹੈ ਜਿਸ ਲਈ ਮੈਂ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ।ਜਥੇਦਾਰ ਅਵਤਾਰ ਸਿੰਘ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੈਂ ਪਾਰਟੀ ਦੇ ਹਰ ਹੁਕਮ ਅੱਗੇ ਸਿਰ ਝੁਕਾਉਂਦਾ ਹਾਂ।ਪਾਰਟੀ ਜੋ ਵੀ ਹੁਕਮ ਤੇ ਸੇਵਾ ਲਾਵੇਗੀ ਨਿਮਰਤਾ ਸਹਿਤ ਪ੍ਰਵਾਨ ਕਰਾਂਗਾ।ਉਨ੍ਹਾਂ ਕਿਹਾ ਕਿ ਪ੍ਰਧਾਨਗੀ ਪਦ ਦਾ ਫੈਸਲਾ ਤਾਂ ਪਾਰਟੀ ਨੇ ਕਰਨਾ ਹੈ।ਪਾਰਟੀ ਦਾ ਜੋ ਹੁਕਮ ਹੋਵੇਗਾ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗਾ।