ਭਾਈ ਲੌਂਗੋਵਾਲ ਨੇ ਕੰਪਨੀ ਦੇ ਸੀ.ਓ.ਓ. ਤੇ ਹੋਰ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ


ਅੰਮ੍ਰਿਤਸਰ, ੧੭ ਸਤੰਬਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਸਵਰਾਜ ਕੰਪਨੀ ਵੱਲੋਂ ਇੱਕ ਨਵੇਂ ਤਿਆਰ ਕੀਤੇ ਗਏ ਮਾਡਲ ਦਾ ਪਹਿਲਾ ਟਰੈਕਟਰ ਭੇਟ ਕੀਤਾ ਗਿਆ। ਇਸ ਤੋਂ ਪਹਿਲਾਂ ਕੰਪਨੀ ਦੇ ਸੀ.ਓ.ਓ. ਸ੍ਰੀ ਵੀਰੇਨ ਪੋਪਲੀ, ਸੀਨੀਅਰ ਵਾਈਸ ਪ੍ਰਧਾਨ ਸੇਲ ਤੇ ਮਾਰਕੀਟਿੰਗ ਸ੍ਰੀ ਰਾਜੀਵ ਰੇਲਨ ਸਮੇਤ ਹੋਰ ਅਧਿਕਾਰੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸ੍ਰੀ ਦਰਬਾਰ ਸਾਹਿਬ ਲਈ ਟਰੈਕਟਰ ਭੇਟ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੰਪਨੀ ਅਧਿਕਾਰੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੋਪਾਓ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਲੌਂਗੋਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਅਧਿਆਤਮਕ ਕੇਂਦਰ ਹੋਣ ਕਰਕੇ ਸਮੇਂ-ਸਮੇਂ ਸ਼ਰਧਾਲੂਆਂ ਵੱਲੋਂ ਇਥੇ ਭੇਟਾਵਾਂ ਅਰਪਿਤ ਕੀਤੀਆਂ ਜਾਂਦੀਆਂ ਹਨ ਅਤੇ ਇਸੇ ਤਹਿਤ ਹੀ ਸਵਰਾਜ ਕੰਪਨੀ ਵੱਲੋਂ ਗੁਰੂ ਘਰ ਲਈ ਨਵੇਂ ਤਿਆਰ ਕੀਤੇ ਗਏ ਮਾਡਲ ਦਾ ਟਰੈਕਟਰ ਸ਼ਰਧਾ ਨਾਲ ਭੇਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ। ਇਸ ਮੌਕੇ ਕੰਪਨੀ ਦੇ ਸੀ.ਓ.ਓ. ਸ੍ਰੀ ਵੀਰੇਨ ਪੋਪਲੀ ਨੇ ਆਖਿਆ ਕਿ ਕੰਪਨੀ ਵੱਲੋਨ ਸਵਰਾਜ-੯੬੩ ਮਾਡਲ ਟਰੈਕਟਰ ਹਾਲ ਹੀ ਵਿਚ ਬਣਾਇਆ ਗਿਆ ਹੈ, ਜਿਸ ਦਾ ਪਹਿਲਾ ਟਰੈਕਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕਰਕੇ ਇਸ ਦੀ ਆਰੰਭਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਅਸਥਾਨ ਸਭ ਦਾ ਸਾਂਝਾ ਹੈ ਅਤੇ ਇਥੇ ਕੀਤੀ ਅਰਦਾਸ ਨਾਲ ਬਰਕਤਾਂ ਮਿਲਦੀਆਂ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕੰਪਨੀ ਦੇ ਨੁਮਾਇੰਦਿਆਂ ਸਨਮਾਨ ਦੇਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।
ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ. ਲਖਬੀਰ ਸਿੰਘ ਅਰਾਈਆਂਵਾਲਾ, ਸ. ਸੱਜਣ ਸਿੰਘ ਬੱਜੂਮਾਨ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂੰ, ਸ. ਮਨਜੀਤ ਸਿੰਘ ਬੱਪੀਆਣਾ, ਸਕੱਤਰ ਸ. ਮਨਜੀਤ ਸਿੰਘ ਬਾਠ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਜਗਜੀਤ ਸਿੰਘ ਜੱਗੀ, ਸ. ਮਹਿੰਦਰ ਸਿੰਘ ਆਹਲੀ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਰਾਜਿੰਦਰ ਸਿੰਘ ਰੂਬੀ ਅਟਾਰੀ, ਸ. ਸੁਖਰਾਜ ਸਿੰਘ, ਸ. ਹਰਪ੍ਰੀਤ ਸਿੰਘ ਅਤੇ ਹੋਰ ਮੌਜੂਦ ਸਨ।