ਜ਼ਿਲ੍ਹੇ ਦੇ 250 ਤੋਂ ਵੱਧ ਪਿੰਡਾਂ ਤੱਕ ਪਹੁੰਚ ਕਰਕੇ ਘਰ ਘਰ ਅੰਦਰ ਕੀਤਾ ਸਿੱਖੀ ਪ੍ਰਚਾਰ
ਅੰਮ੍ਰਿਤਸਰ, 20 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਤਹਿਤ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਗਰ ਹਰਿਆਣਾ `ਚ ਸਥਿਤ ਗੁਰਦੁਆਰਾ ਬਾਬਾ ਬਘੇਲ ਸਿੰਘ ਜੀ ਵਿਖੇ ਵਿਸ਼ਾਲ ਗੁਰਮਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਸਮਾਗਮ ਪ੍ਰਤੀ ਸੰਗਤ ਵਿਚ ਵੱਡਾ ਉਤਸ਼ਾਹ ਲਹਿਰ ਦੀ ਸਫਲਤਾ ਨੂੰ ਬਿਆਨ ਕਰਦਾ ਸੀ।
ਧਰਮ ਪ੍ਰਚਾਰ ਲਹਿਰ ਦੇ ਅੰਤਰਗਤ ਬੀਤੀ 8 ਫਰਵਰੀ ਨੂੰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਕਮੇਟੀ ਨੇ 100 ਵਲੰਟੀਅਰ ਪ੍ਰਚਾਰਕ ਸਿੰਘਾਂ ਨੂੰ ਜਥਿਆਂ ਦੇ ਰੂਪ ਵਿੱਚ ਪਿੰਡਾਂ ਲਈ ਰਵਾਨਾ ਕੀਤਾ ਗਿਆ ਸੀ, ਜਿਨ੍ਹਾਂ ਨੇ 250 ਤੋਂ ਵੱਧ ਪਿੰਡਾਂ ਤੱਕ ਪਹੁੰਚ ਕਰਕੇ ਜਿਥੇ ਬੱਚਿਆਂ ਨੂੰ ਗੁਰਮਤਿ ਕਲਾਸਾਂ ਰਾਹੀਂ ਧਰਮ ਇਤਿਹਾਸ ਦੀ ਸਿੱਖਿਆ ਦਿੱਤੀ ਉਥੇ ਨੌਜਵਾਨਾਂ ਨੂੰ ਕੇਸ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਹ ਪ੍ਰਚਾਰਕ ਜਥੇ ਪਿੰਡਾਂ ਅੰਦਰ ਇੱਕ ਹਫਤੇ ਤੋਂ ਲੈ ਕੇ ਪੰਦਰਾਂ ਦਿਨ ਤੱਕ ਸਿੱਖੀ ਪ੍ਰਚਾਰ ਲਈ ਕਾਰਜਸ਼ੀਲ ਰਹੇ।
ਜ਼ਿਲ੍ਹੇ ਅੰਦਰ ਕੀਤੇ ਧਰਮ ਪ੍ਰਚਾਰ ਤੋਂ ਬਾਅਦ ਨਗਰ ਹਰਿਆਣਾ ਵਿਚ ਕੀਤੇ ਮੁੱਖ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸਥਾਪਨਾ ਤੋਂ ਹੀ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਬਜਟ ਦਾ ਵੱਡਾ ਹਿੱਸਾ ਇਸੇ ਕਾਰਜ ਲਈ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮਕਸਦ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਕਿਸੇ ਕਾਰਨ ਧਰਮ ਤੋਂ ਭਟਕੇ ਹੋਇਆਂ ਨੂੰ ਮੁੜ ਧਰਮ ਨਾਲ ਜੋੜਨਾ ਹੈ। ਇਸ ਮਕਸਦ ਲਈ ਪੰਜਾਬ ਦੇ ਨਾਲ ਨਾਲ ਦੂਜੇ ਸੂਬਿਆਂ ਵਿਚ ਵੀ ਧਰਮ ਪ੍ਰਚਾਰ ਲਹਿਰ ਤਹਿਤ ਸਮਾਗਮ ਹੋ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੇ ਵਲੰਟੀਅਰ ਸਿੰਘ ਭਰਤੀ ਕਰਕੇ ਬਾਰਡਰ ਖੇਤਰਾਂ ਵਿੱਚ ਪਿੰਡਾਂ ਅੰਦਰ ਧਾਰਮਿਕ ਕੈਂਪ ਲਗਾਏ ਸਨ, ਜਿਸ ਪ੍ਰਤੀ ਸੰਗਤਾਂ ਨੇ ਵੱਡਾ ਉਤਸ਼ਾਹ ਦਿਖਾਇਆ ਸੀ। ਹੁਣ ਵੀ 100 ਦੇ ਕਰੀਬ ਵਲੰਟੀਅਰ ਅਤੇ ਪ੍ਰਚਾਰਕ ਸਿੰਘਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ 250 ਤੋਂ ਵੱਧ ਪਿੰਡਾਂ ਵਿੱਚ ਘਰ ਘਰ ਤੱਕ ਪਹੁੰਚ ਕਰਕੇ ਸੰਗਤਾਂ ਨੂੰ ਸਿੱਖ ਵਿਰਸੇ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਦੀ ਇਹ ਲਹਿਰ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਮਿਲੇ ਸਹਿਯੋਗ ਲਈ ਸੰਗਤਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਬੀਬੀ ਮਨਜੀਤ ਕੌਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰਚਾਰ ਵਹੀਰ ਦੀ ਨਿਗਰਾਨੀ ਕੀਤੀ ਅਤੇ ਵਲੰਟੀਅਰ ਸਿੰਘਾਂ ਨੂੰ ਸਮੇਂ ਸਮੇਂ ਦਿਸ਼ਾ ਨਿਰਦੇਸ਼ ਦਿੱਤੇ।
ਇਸ ਮੌਕੇ ਪ੍ਰਿੰਸੀਪਲ ਬੀਬੀ ਮਨਜੀਤ ਕੌਰ, ਬਾਬਾ ਬਲਬੀਰ ਸਿੰਘ, ਗੁਰਦੁਆਰਾ ਬਾਬਾ ਬਘੇਲ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰੇਸ਼ਮ ਸਿੰਘ, ਸ. ਸੁਰਜੀਤ ਸਿੰਘ, ਪ੍ਰਿੰਸੀਪਲ ਹਰਜਿੰਦਰ ਸਿੰਘ, ਮੈਨੇਜਰ ਸ. ਅਵਤਾਰ ਸਿੰਘ, ਗੁਰਦੁਆਰਾ ਸ੍ਰੀ ਗਰਨਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸਰਤਾਜ ਸਿੰਘ, ਪ੍ਰਚਾਰਕ ਭਾਈ ਕਲਿਆਣ ਸਿੰਘ, ਭਾਈ ਅਮਰਜੀਤ ਸਿੰਘ ਜੰਡੀ, ਭਾਈ ਵਰਿਆਮ ਸਿੰਘ, ਭਾਈ ਗੁਰਜੰਟ ਸਿੰਘ ਤਿੱਬੜ ਆਦਿ ਹਾਜ਼ਰ ਸਨ।