5
ਅੰਮ੍ਰਿਤਸਰ 12 ਸਤੰਬਰ (         ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਸਥਾਪਤ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭਾਈ ਹਰਪਾਲ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਕੀਤਾ।ਅਰਦਾਸ ਭਾਈ ਰਣਜੀਤ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ ਨੇ ਕੀਤੀ ਤੇ ਹੁਕਮਨਾਮਾ ਭਾਈ ਸਤਪਾਲ ਸਿੰਘ ਕਥਾਵਾਚਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਨੇ ਲਿਆ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਾਰਾਗੜ੍ਹੀ ਜੰਗ ਸਿੱਖਾਂ ਦੇ ਬੇਮਿਸਾਲ ਹੌਂਸਲੇ ਤੇ ਬਹਾਦਰੀ ਦੀ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਵਿਸ਼ਵ ਦੀਆਂ ਕੁਲ ਅੱਠ ਸਿਰਮੌਰ ਲੜਾਈਆਂ ਵਿੱਚੋਂ ਇਕ ਸਾਰਾਗੜ੍ਹੀ ਦੀ ਲੜਾਈ ਹੈ ਜੋ ੧੨ ਸਤੰਬਰ ੧੮੯੭ ਨੂੰ ਜ਼ਿਲ੍ਹਾ ਕੋਹਾੜ (ਪਾਕਿਸਤਾਨ) ਦੀ ਉੱਚੀਆਂ ਪਹਾੜੀਆਂ ਤੇ ਸਾਰਾਗੜ੍ਹੀ ਪੋਸਟ ‘ਤੇ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿੱਚ ਦਸ ਹਜ਼ਾਰ ਤੋਂ ਜ਼ਿਆਦਾ ਕਬਾਇਲੀਆਂ ਨਾਲ ੩੬ ਸਿੱਖ ਰੈਂਜੀਮੈਂਟ ਦੇ ੨੧ ਸਿੱਖ ਯੋਧੇ ਬਹਾਦਰੀ ਨਾਲ ਲੜੇ ਸਨ।ਉਨ੍ਹਾਂ ਕਿਹਾ ਕਿ ਇਨ੍ਹਾਂ ਸੂਰਮਿਆਂ ਨੇ ਘੱਟ ਗਿਣਤੀ ਵਿੱਚ ਹੁੰਦਿਆਂ ਹੋਇਆ ਵੀ ਆਪਣੇ ਤੋਂ ਕਈ ਗੁਣਾਂ ਵੱਧ ਗਿਣਤੀ ਵਾਲੇ ਦੁਸ਼ਮਣਾਂ ਦਾ ਦ੍ਰਿੜਤਾ ਅਤੇ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਤਕਰੀਬਨ ੬੦੦ ਕਬਾਇਲੀਆਂ ਨੂੰ ਮਾਰ ਕੇ ਆਪ ਸ਼ਹਾਦਤ ਦਾ ਜਾਮ ਪੀਤਾ।ਸ. ਬੇਦੀ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਸਿੱਖਾਂ ਦੀ ਅਦੁੱਤੀ ਬਹਾਦਰੀ ਦੀ ਗਵਾਹੀ ਭਰਦੀ ਹੈ ਇਹੋ ਕਾਰਨ ਹੈ ਕਿ ਇਸ ਦਾ ਲਾਸਾਨੀ ਇਤਿਹਾਸ ਫਰਾਂਸ, ਇੰਗਲੈਂਡ, ਜਾਪਾਨ ਤੇ ਭਾਰਤ ਵਰਗੇ ਦੇਸ਼ਾਂ ਦੇ ਸਕੂਲਾਂ ਵਿੱਚ ਪੜਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸੂਰਬੀਰਾਂ ਦੀ ਬਹਾਦਰੀ ਤੋਂ ਖੁਸ਼ ਹੋ ਕੇ ਇੰਗਲੈਂਡ ਦੀ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ‘ਇੰਡੀਅਨ ਆਰਡਰ ਆਫ ਮੈਰਿਟ ੧੦ ਐਮ’ ਜੋ ਕਿ ਪਰਮਵੀਰ ਚੱਕਰ ਦੇ ਬਰਾਬਰ ਹੈ ਨਾਲ ਸਨਮਾਨਿਤ ਕੀਤਾ ਹੈ।ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਆਏ ਵੱਖ-ਵੱਖ ਪਰਿਵਾਰਾਂ ਨੂੰ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ ਵਿਖੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਸੁਲੱਖਣ ਸਿੰਘ ਤੇ ਸ. ਰਘੁਬੀਰ ਸਿੰਘ ਮੰਡ ਮੈਨੇਜਰ, ਸ. ਹਰਜਿੰਦਰ ਸਿੰਘ, ਸ. ਨਰਿੰਦਰ ਸਿੰਘ ਤੇ ਸ. ਪਰਮਜੀਤ ਸਿੰਘ ਐਡੀਸ਼ਨਲ ਮੈਨੇਜਰ, ਸ. ਕਰਨਜੀਤ ਸਿੰਘ ਇੰਚਾਰਜ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।