ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੀਤਾ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਗੈਲਰੀ ਦਾ ਉਦਘਾਟਨ

ਅੰਮ੍ਰਿਤਸਰ, ੧੦ ਸਤੰਬਰ– ੧੨ ਸਤੰਬਰ ੧੮੯੭ ਨੂੰ ਹੋਈ ਇਤਿਹਾਸਕ ਸਾਰਾਗੜ੍ਹੀ ਦੀ ਜੰਗ ਵਿਚ ਬਹਾਦਰੀ ਨਾਲ ਲੜਨ ਵਾਲੇ ੩੬ ਸਿੱਖ ਬਟਾਲੀਅਨ ਦੇ ੨੧ ਸਿੱਖ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਾਰਾਗੜ੍ਹੀ ਨਿਵਾਸ ਵਿਖੇ ਸਥਾਪਤ ਕੀਤੀ ਗਈ ਗੈਲਰੀ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੀਤਾ। ਸਾਰਾਗੜ੍ਹੀ ਦੀ ਜੰਗ ਦੇ ਇਨ੍ਹਾਂ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਸਾਰਾਗੜ੍ਹੀ ਜੰਗ ਨੂੰ ਰੂਪਮਾਨ ਕਰਦੇ ਇਕ ਵਿਸ਼ੇਸ਼ ਮਾਡਲ ਤੋਂ ਪਰਦਾ ਹਟਾਉਣ ਸਮੇਂ ਭਾਰਤ ਦੇ ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਸਮੇਤ ਸਾਰਾਗੜ੍ਹੀ ਫਾਊਂਡੇਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਕੰਵਲਜੀਤ ਸਿੰਘ, ਚੇਅਰਮੈਨ ਸ. ਗੁਰਿੰਦਰਪਾਲ ਸਿੰਘ ਜੋਸਨ ਅਤੇ ਬ੍ਰਿਟਿਸ਼ ਆਰਮੀ ਦੇ ਮੇਜਰ ਜਨਰਲ ਡੂਨਕੈਨ ਕੈਂਪਸ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸਮਾਗਮ ਵਿਚ ਇੰਗਲੈਂਡ ਅਤੇ ਫਰਾਂਸ ਤੋਂ ਫੌਜ ਦੀਆਂ ਉਚ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਗੈਲਰੀ ਦੇ ਉਦਘਾਟਨ ਤੋਂ ਪਹਿਲਾਂ ਸਾਰਾਗੜ੍ਹੀ ਨਿਵਾਸ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਾਰਾਗੜ੍ਹੀ ਜੰਗ ਦੁਨੀਆਂ ਦੀਆਂ ਮਹਾਨ ਜੰਗਾ ਵਿਚ ਸ਼ਾਮਲ ਹੈ, ਜਿਸ ਵਿਚ ਕੌਮ ਦੇ ੨੧ ਸਿੱਖ ਯੋਧਿਆਂ ਨੇ ਹਿੰਮਤ, ਦ੍ਰਿੜ੍ਹਤਾ ਅਤੇ ਦਲੇਰੀ ਨਾਲ ਦੁਸ਼ਮਣ ਦਾ ਮੁਕਾਬਲਾ ਕਰ ਕੇ ਇੱਕ ਨਵਾਂ ਅਧਿਆਇ ਸਿਰਜਿਆ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਵੱਲੋਂ ਸਮਝਾਈ ਜੂਝ ਮਰਨ ਦੀ ਜੁਗਤਿ ਹੀ ਇਨ੍ਹਾਂ ਸਿੱਖ ਸ਼ਹੀਦਾਂ ਲਈ ਸ਼ਕਤੀ ਦਾ ਸੋਮਾ ਸੀ। ਪ੍ਰੋ: ਬਡੂੰਗਰ ਨੇ ਕਿਹਾ ਕਿ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ ਲੜਨ ਵਾਲੇ ਇਹ ਮਹਾਨਾਇਕ ਕੌਮ ਦਾ ਸਰਮਾਇਆ ਹਨ, ਜਿਨ੍ਹਾਂ ਨੇ ਅਗਲੀਆਂ ਪੀੜ੍ਹੀਆਂ ਲਈ ਪੂਰਨੇ ਪਾਏ ਹਨ। ਉਨ੍ਹਾਂ ਕਿਹਾ ਕਿ ਇਹ ਗੈਲਰੀ ਵਰਤਮਾਨ ਅਤੇ ਭਵਿੱਖ ਦੀ ਪੀੜੀ ਨੂੰ ਸਾਰਾਗੜ੍ਹੀ ਜੰਗ ਸਬੰਧੀ ਜਾਣਕਾਰੀ ਦੇਣ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ੧੨ ਸਤੰਬਰ ਨੂੰ ਫਿਰੋਜ਼ਪੁਰ ਦੇ ਗੁਰਦੁਆਰਾ ਜਾਮਨੀ ਸਾਹਿਬ ਬਜ਼ੀਦਪੁਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਇੱਕ ਵਿਸ਼ਾਲ ਗੁਰਮਤਿ ਸਮਾਗਮ ਵੀ ਉਲੀਕਿਆ ਗਿਆ ਹੈ ਜਿਸ ਵਿਚ ਕੌਮ ਦੇ ਮਹਾਨ ਵਿਚਾਰਵਾਨਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਜਾਵੇਗਾ। ਪ੍ਰੋ: ਬਡੂੰਗਰ ਨੇ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਮਾਡਲ ਤਿਆਰ ਕਰਵਾਉਣ ਲਈ ਸਾਰਾਗੜ੍ਹੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੀ ਉਚੇਚੇ ਤੌਰ ‘ਤੇ ਸ਼ਲਾਘਾ ਵੀ ਕੀਤੀ।
ਇਸ ਸਮਾਗਮ ਦੌਰਾਨ ਜਨਰਲ ਜੇ.ਜੇ. ਸਿੰਘ ਅਤੇ ਮਿਸਟਰ ਡੂਨਕੈਨ ਕੈਂਪਸ ਨੇ ਆਪਣੇ ਸੰਬੋਧਨ ਵਿਚ ਸਾਰਾਗੜ੍ਹੀ ਜੰਗ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਇਨ੍ਹਾਂ ਸ਼ਹੀਦਾਂ ‘ਤੇ ਮਾਣ ਹੈ ਅਤੇ ਸਾਨੂੰ ਇਸ ਜੰਗ ਦੇ ਇਤਿਹਾਸ ਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਤਕ ਲਿਜਾਣ ਲਈ ਉਪਰਾਲੇ ਕਰਨੇ ਚਾਹਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਤ ਕੀਤੀ ਗਈ ਇਸ ਗੈਲਰੀ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਨੌਜੁਆਨੀ ਅੰਦਰ ਇਸ ਇਤਿਹਾਸ ਦਾ ਸੰਚਾਰ ਕਰਨ ਲਈ ਇਹ ਇਕ ਵੱਡੀ ਪਹਿਲਕਦਮੀ ਹੈ।
ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਸ. ਗੁਰਿੰਦਰਪਾਲ ਸਿੰਘ ਜੋਸਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਕੌਮ ਦੇ ਭਵਿੱਖ ਨੂੰ ਮਜ਼ਬੂਤ ਕਰਨ ਲਈ ਅਹਿਮ ਸਾਬਤ ਹੋਵੇਗਾ। ਉਨ੍ਹਾਂ ਬ੍ਰਿਟਿਸ਼ ਆਰਮੀ ਦੇ ਅਫਸਰਾਂ ਤੋਂ ਇਲਾਵਾ ਪਹੁੰਚੀਆਂ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਜਨਰਲ ਜੇ.ਜੇ. ਸਿੰਘ, ਸ੍ਰੀ ਡੂਨਕੈਨ ਕੈਂਪਸ, ਸ. ਐਸ.ਪੀ. ਸਿੰਘ ਉਬਰਾਏ, ਸ. ਗੁਰਿੰਦਰਪਾਲ ਸਿੰਘ ਜੋਸਨ, ਬ੍ਰਿਗੇਡੀਅਰ ਕੰਵਲਜੀਤ ਸਿੰਘ ਸਮੇਤ ਬ੍ਰਿਟਿਸ਼ ਦੇ ਆਰਮੀ ਦੇ ਅਫਸਰਾਂ ਅਤੇ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਾਮਨ ਕੀਤਾ ਗਿਆ। ਮੰਚ ਦਾ ਸੰਚਾਲਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਮੈਂਬਰ ਭਾਈ ਮਨਜੀਤ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਬੀਬੀ ਕਿਰਨਜੋਤ ਕੌਰ, ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਅਜਾਇਬ ਸਿੰਘ ਅਭਿਆਸੀ, ਸ. ਹਰਦਲਬੀਰ ਸਿੰਘ ਸ਼ਾਹ, ਸ. ਐਸ.ਪੀ. ਸਿੰਘ ਉਬਰਾਏ, ਸ. ਦਲਜੀਤ ਸਿੰਘ ਵਿਰਦੀ, ਸ. ਕਵਲਜੀਤ ਸਿੰਘ ਜੋਸਨ, ਸ. ਤਰਨਬੀਰ ਸਿੰਘ ਬੈਨੀਪਾਲ, ਸ. ਹਰਸ਼ਾਲ ਸਿੰਘ, ਸ. ਰਣਵੀਰ ਸਿੰਘ, ਸ਼੍ਰੋਮਣੀ ਕਮੇਟੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਤੇ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਮਹਿੰਦਰ ਸਿੰਘ ਆਹਲੀ, ਸ. ਬਲਵਿੰਦਰ ਸਿੰਘ ਜੌੜਾਸਿੰਘ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਗੁਰਮੀਤ ਸਿੰਘ ਬੁੱਟਰ, ਸ. ਹਰਜਿੰਦਰ ਸਿੰਘ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਮਹਿੰਦਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸ. ਗੁਰਿੰਦਰ ਸਿੰਘ ਤੇ ਸ. ਰਘਬੀਰ ਸਿੰਘ ਮੰਡ, ਨਿੱਜੀ ਸਹਾਇਕ ਸ. ਭਗਵੰਤ ਸਿੰਘ ਧੰਗੇੜਾ ਆਦਿ ਹਾਜ਼ਰ ਸਨ।