ਸ਼੍ਰੋਮਣੀ ਕਮੇਟੀ ਵੱਲੋਂ ਲੀਗਲ ਨੋਟਿਸ ਦੇ ਜਵਾਬ ‘ਚ ਕੀਤਾ ਪ੍ਰਗਟਾਵਾ

ਅੰਮ੍ਰਿਤਸਰ, 22 ਦਸੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਭੇਜੇ ਗਏ ਲੀਗਲ ਨੋਟਿਸ ਦਾ ਜਵਾਬ ਦਿੰਦਿਆਂ ਆਨਲਾਈਨ ਸ਼ਾਪਿੰਗ ਕੰਪਨੀ ਐਮਾਜੋਨ ਨੇ ਆਪਣੀ ਗਲਤੀ ‘ਤੇ ਮੁਆਫੀ ਮੰਗੀ ਹੈ। ਕੰਪਨੀ ਵੱਲੋਂ ਸਮੁੱਚੀ ਮਨੁੱਖਤਾ ਦੇ ਅਧਿਆਤਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨੂੰ ਟਾਇਲਟ ਸੀਟ ਦੇ ਮੈਟ ‘ਤੇ ਲਗਾਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਐਮਾਜੋਨ ਨੂੰ ਲੀਗਲ ਨੋਟਿਸ ਭੇਜਿਆ ਗਿਆ ਸੀ, ਜਿਸ ਦੇ ਜਵਾਬ ਵਿਚ ਕੰਪਨੀ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਕਾਰਨ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਕੰਪਨੀ ਅਨੁਸਾਰ ਉਸ ਨੇ ਆਪਣੇ ਵਿਵਾਦਤ ਉਤਪਾਦ ਹਟਾ ਦਿੱਤੇ ਹਨ। ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਪੱਤਰ ਰਾਹੀਂ ਕੰਪਨੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ ਅਤੇ ਤੀਸਰੀ ਧਿਰ ਵੱਲੋਂ ਕੀਤੀ ਗਲਤੀ ਲਈ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਭੇਜਿਆ ਪੱਤਰ ਸ਼੍ਰੋਮਣੀ ਕਮੇਟੀ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਡਾਇਰੈਕਟਰ ਪਬਲਿਕ ਰੀਲੇਸ਼ਨ ਮਿਸਟਰ ਅਵਿਨਾਸ਼ ਨੇ ਉਨ੍ਹਾਂ ਨਾਲ ਫੋਨ ‘ਤੇ ਗੱਲ ਵੀ ਕੀਤੀ ਹੈ ਅਤੇ ਹੋਈ ਗਲਤੀ ਲਈ ਸਿੱਖ ਜਗਤ ਪਾਸੋਂ ਖਿਮਾ ਜਾਚਨਾ ਕੀਤੀ ਹੈ। ਮੁੱਖ ਸਕੱਤਰ ਅਨੁਸਾਰ ਕੰਪਨੀ ਨੇ ਅੱਗੇ ਤੋਂ ਸੁਚੇਤ ਰਹਿਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਹੈ ਕਿ ਜੇਕਰ ਅੱਗੇ ਤੋਂ ਕੋਈ ਤੀਜੀ ਧਿਰ ਅਜਿਹਾ ਕਰਦੀ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਡਾ. ਰੂਪ ਸਿੰਘ ਨੇ ਕਿਹਾ ਕਿ ਐਮਾਜੋਨ ਦੀ ਵੈਬਸਾਈਟ ਉਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਕੰਪਨੀ ਨੂੰ ਲੀਗਲ ਨੋਟਿਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਪਾਸ ਸ਼ਿਕਾਇਤ ਵੀ ਭੇਜੀ ਸੀ। ਮੁੱਖ ਸਕੱਤਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਬੀਤੇ ਕੱਲ੍ਹ ਵੀ ਕੰਪਨੀ ਨੂੰ ਇੱਕ ਈਮੇਲ ਭੇਜ ਕੇ ਸਿੱਖ ਜਗਤ ਅੰਦਰ ਫੈਲੇ ਰੋਸ ਤੇ ਰੋਹ ਤੋਂ ਜਾਣੂ ਕਰਵਾਇਆ ਸੀ।