ਜਲੰਧਰ ਵਿਖੇ ਆਰ ਐਸ ਐਸ ਵੱਲੋਂ ਗਾਤਰਾ ਤੇ ਕਿਰਪਾਨ ਨੁਮਾ ਛੁਰੀ
ਪਾਉਣ ਦਾ ਕੀਤਾ ਸਖ਼ਤ ਵਿਰੋਧ

ਅੰਮ੍ਰਿਤਸਰ 12 ਅਕਤੂਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ ਐਸ ਐਸ ਵੱਲੋਂ ਜਲੰਧਰ ਸ਼ਹਿਰ ਦੇ ਮਾਡਲ ਹਾਊਸ ਦੁਸਹਿਰਾ ਗਰਾਊਂਡ ਵਿਖੇ ਗਾਤਰੇ ਅਤੇ ਕਿਰਪਾਨ ਦੀ ਤਰਜ਼ ‘ਤੇ ਛੁਰੀਆਂ ਪਾ ਕੇ ਮੋਟਰ ਸਾਈਕਲਾਂ ‘ਤੇ ਮਾਰਚ ਕੱਢਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਗਾਤਰਾ ਅਤੇ ਕਿਰਪਾਨ ਸਿੱਖ ਪਹਿਰਾਵੇ ਦਾ ਇਕ ਅਹਿਮ ਹਿੱਸਾ ਹੈ ਜੋ ਦਸਮ ਪਾਤਸ਼ਾਹ ਜੀ ਵੱਲੋਂ ੧੬੯੯ ਦੀ ਵਿਸਾਖੀ ਸਮੇਂ ਸੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਸਾਜਨਾ ਸਮੇਂ ਸਿੱਖ ਦੇ ਸਿੰਘ ਸੱਜਣ ਸਮੇਂ ਲਾਜ਼ਮੀ ਕੀਤੇ ਗਏ।ਉਨ੍ਹਾਂ ਕਿਹਾ ਕਿ ਇਸ ਦੇ ਧਾਰਨੀ ਬਣਨ ਸਮੇਂ ਸਿੱਖ ਧਰਮ ਦੀ ਇਕ ਧਾਰਮਿਕ ਪ੍ਰਕਿਰਿਆ ਵਿਚੋਂ ਲੰਘਣਾ ਜ਼ਰੂਰੀ ਹੈ ਅਤੇ ਉਹ ਅੰਮ੍ਰਿਤ ਪਾਨ ਕਰਨ ਦੀ ਪ੍ਰਕਿਰਿਆ ਹੈ।ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਕੇ ਕਿਸੇ ਵੱਲੋਂ ਸਿੱਖ ਕਕਾਰਾਂ ਦੀ ਤੌਹੀਨ ਕਰਨੀ ਵੱਡੀ ਭੁੱਲ ਹੈ, ਜੋ ਆਰ ਐਸ ਐਸ ਦੇ ਮੈਂਬਰਾਂ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਆਰ ਐਸ ਐਸ ਵੱਲੋਂ ਜਾਣ ਬੁੱਝ ਕੇ ਪੰਜਾਬ ਦੇ ਸ਼ਾਂਤ ਮਈ ਮਾਹੌਲ ਨੂੰ ਲਾਂਬੂ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਆਰ ਐਸ ਐਸ ਦੀ ਇਸ ਘਿਨਾਉਣੀ ਕਰਤੂਤ ਤੋਂ ਪੂਰੇ ਸਿੱਖ ਸਮੁਦਾਏ ਵਿੱਚ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਆਰ ਐਸ ਐਸ ਕਾਰਕੁੰਨਾ ਖਿਲਾਫ ਸਿੱਖ ਭਾਵਨਾਵਾਂ ਨਾਲ ਖਿਲਵਾੜ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਆਰ ਐਸ ਐਸ ਦਾ ਕੋਈ ਵੀ ਕਾਰਕੁੰਨ ਅਜਿਹੀ ਹਿਮਾਕਤ ਕਰਨ ਦੀ ਹਿੰਮਤ ਨਾ ਕਰੇ।