ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸੌਂਪਿਆ 1 ਲੱਖ ਰੁਪਏ ਦਾ ਚੈੱਕ

ਅੰਮ੍ਰਿਤਸਰ, 27 ਫ਼ਰਵਰੀ- ਭੁਵਨੇਸ਼ਵਰ (ਉੜੀਸਾ) ਨਿਵਾਸੀ ਸ੍ਰੀਮਤੀ ਸਾਧਨਾ ਪਾਤਰੀ ਨੂੰ ਸਿੱਖ ਇਤਿਹਾਸ ਅਤੇ ਨਿਤਨੇਮ ਸਟੀਕ ਦਾ ਉੜੀਆ ਭਾਸ਼ਾ ਵਿਚ ਉਲੱਥਾ ਕਰਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਵਾਨਗੀ ਮਗਰੋਂ ਅੱਜ ਸ੍ਰੀਮਤੀ ਸਾਧਨਾ ਪਾਤਰੀ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਇਕ ਲੱਖ ਰੁਪਏ ਦਾ ਚੈੱਕ ਸਨਮਾਨ ਵਜੋਂ ਦਿੱਤਾ ਗਿਆ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਸ੍ਰੀਮਤੀ ਪਾਤਰੀ ਨੂੰ ਚੈੱਕ ਭੇਟ ਕਰਦਿਆਂ ਉਨ੍ਹਾਂ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਆਖਿਆ ਕਿ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਉੜੀਸਾ ਅੰਦਰ ਫੈਲਾਉਣ ਲਈ ਸ੍ਰੀਮਤੀ ਪਾਤਰੀ ਦਾ ਯੋਗਦਾਨ ਸ਼ਲਾਘਾਯੋਗ ਹੈ। ਦੱਸਣਯੋਗ ਹੈ ਕਿ ਸ੍ਰੀਮਤੀ ਸਾਧਨਾ ਪਾਤਰੀ ਨੇ ਦਸ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਉੜੀਸਾ ਭਾਸ਼ਾ ਵਿਚ ਅਨੁਵਾਦ ਕੀਤਾ ਹੈ। ਇਸ ਮੌਕੇ ਸ੍ਰੀਮਤੀ ਸਾਧਨਾ ਪਾਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਜਥੇਦਾਰ ਰਤਨ ਸਿੰਘ ਜੱਫਰਵਾਲ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸ. ਸੁਲੱਖਣ ਸਿੰਘ ਭੰਗਾਲੀ, ਸ. ਗੁਰਮੀਤ ਸਿੰਘ ਬੁੱਟਰ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਤੇ ਸ. ਪਲਵਿੰਦਰ ਸਿੰਘ ਚਿੱਟਾ, ਸਕਾਲਰ ਬੀਬੀ ਕਿਰਨਦੀਪ ਕੌਰ ਤੇ ਬੀਬੀ ਹਰਪ੍ਰੀਤ ਕੌਰ, ਇੰਚਾਰਜ ਸ. ਗੁਰਦਿਆਲ ਸਿੰਘ, ਸ. ਸੁਰਿੰਦਰ ਸਿੰਘ, ਸ. ਕਾਰਜ ਸਿੰਘ, ਸ. ਜਤਿੰਦਰਪਾਲ ਸਿੰਘ, ਸ. ਪ੍ਰੀਤਇੰਦਰ ਸਿੰਘ ਨਿਮਾਣਾ ਆਦਿ ਮੌਜੂਦ ਸਨ।