111-1 333ਸ਼੍ਰੋਮਣੀ ਕਮੇਟੀ ਨੇ ਦਸਮ ਪਿਤਾ ਜੀ ਦਾ ਗੁਰਿਆਈ ਦਿਵਸ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ (ਗੁਰੂ ਕੇ ਮਹਿਲ) ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ

ਅੰਮ੍ਰਿਤਸਰ 2 ਦਸੰਬਰ (           ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ (ਗੁਰੂ ਕੇ ਮਹਿਲ) ਵਿਖੇ ਦਸਮੇਸ਼ ਪਿਤਾ, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਿਆਈ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਧਰਮਵੀਰ ਸਿੰਘ ਹਜ਼ੂਰੀ ਰਾਗੀ ਜਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਕੀਰਤਨ ਕੀਤਾ ਗਿਆ ਤੇ ਅਰਦਾਸ ਗਿਆਨੀ ਫੂਲਾ ਸਿੰਘ ਨੇ ਕੀਤੀ।
ਇਸ ਮੌਕੇ ਸੰਗਤਾਂ ਦੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਨੇ ਕਿਹਾ ਕਿ ਇਹ ਉਹ ਪਵਿੱਤਰ ਧਰਤੀ ਹੈ ਜਿਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪ ਜ਼ਮੀਨ ਖਰੀਦੀ ਤੇ ਇਥੇ ਆਪਣਾ ਘਰ ਬਣਾਇਆ।ਉਨ੍ਹਾਂ ਦੱਸਿਆ ਕਿ ਇਸੇ ਅਸਥਾਨ ਤੇ ਹੀ ਛੋਟੇ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਵੀ ਹੋਇਆ।ਉਨ੍ਹਾਂ ਅੱਜ ਦੇ ਸ਼ੁਭ ਦਿਹਾੜੇ ਤੇ ਸਮੁੱਚੀ ਕੌਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿਹੜੇ ਪਰਿਵਾਰਾਂ ਨੇ ਅਜੇ ਤੀਕ ਖੰਡੇ ਬਾਟੇ ਦੀ ਪਾਹੁਲ ਨਹੀਂ ਛਕੀ ਉਹ ਆਪ ਤੇ ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾ ਕੇ ਦਸਮੇਸ਼ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਗੁਰਿਆਈ ਦਿਵਸ ਸਮੇਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਬਹੁਤ ਵੱਡਾ ਤੇ ਵਿਲੱਖਣ ਹੈ।ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਹੀ ਦਸਮੇਸ਼ ਪਿਤਾ ਨੂੰ ਇੰਨਾ ਗਿਆਨ ਸੀ ਕਿ ਜਦ ਕਸ਼ਮੀਰੀ ਪੰਡਤ ਆਪਣਾ ਦੁੱਖੜਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸੁਣਾਉਣ ਆਏ ਤਾਂ aੁਸ ਸਮੇਂ ਉਨ੍ਹਾਂ ਆਪਣੇ ਪਿਤਾ ਜੀ ਨੂੰ ਉਨ੍ਹਾਂ ਦੀ ਰੱਖਿਆ ਕਰਨ ਲਈ ਬੇਨਤੀ ਕੀਤੀ।ਉਨ੍ਹਾਂ ਕਿਹਾ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਕਦੇ ਆਪਣੇ ਗੌਰਵਮਈ ਇਤਿਹਾਸ ਨੂੰ ਪੜ੍ਹਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।ਜੇਕਰ ਆਪਣਾ ਇਤਿਹਾਸ ਪੜੀਏ ਤਾਂ ਅੱਖਾਂ ਭਰ ਆਉਂਦੀਆਂ ਹਨ।ਉਨ੍ਹਾਂ ਕਿਹਾ ਕਿ ਮੁਕੰਮਲ ਇਨਕਲਾਬ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ ਉਨ੍ਹਾਂ ਤੋਂ ਪਿਛੋਂ ਗੁਰੂ ਸਾਹਿਬਾਨਾਂ ਨੇ ਪੜਾਅ ਦਰ ਪੜਾਅ ਇਸ ਮੁਹਿੰਮ ਨੂੰ ਅੱਗੇ ਤੋਰਿਆ ਤੇ ਦਸਮ ਪਿਤਾ ਨੇ ਇਸ ਨੂੰ ਅੰਤਿਮ ਰੂਪ ਦਿੱਤਾ।ਉਨ੍ਹਾਂ ਕਿਹਾ ਕਿ ਅੱਜ ਕੁਝ ਪੰਥ ਵਿਰੋਧੀ ਸ਼ਕਤੀਆਂ ਸਾਡੇ ਗੌਰਵਮਈ ਇਤਿਹਾਸ ਨੂੰ ਰੂਪ ਤੋਂ ਕਰੂਪ ਕਰਕੇ ਪੇਸ਼ ਕਰਨ ਦਾ ਯਤਨ ਕਰ ਰਹੀਆਂ ਹਨ ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਬਹੁਤ ਜ਼ਰੁਰਤ ਹੈ।ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਜੋ ਇਕ ਹਿਰਨੀ ਮਾਰ ਕੇ ਵੈਰਾਗੀ ਬਣ ਗਿਆ ਸੀ ਉਸ ਤਾਂਤਰਿਕ ਦਾ ਇਕ ਮਿੰਟ ਵਿੱਚ ਹੀ ਕਾਇਆ ਕਲਪ ਕਰ ਦਿੱਤਾ ਤੇ ਉਸ ਨੂੰ ਅੰਮ੍ਰਿਤ ਛਕਾ ਕੇ ਮਾਧੋ ਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਤੇ ਫਿਰ ਇੰਨੀ ਸ਼ਕਤੀ ਦਿੱਤੀ ਕਿ ਉਸ ਨੇ ਮੁਗਲਾਂ ਦੇ ਵੱਡੇ-ਵੱਡੇ ਤਖ਼ਤ ਹਿਲਾ ਦਿੱਤੇ।ਆਖੀਰ ਉਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਵਜੀਦ ਖਾਨ ਨੂੰ ਮਾਰ ਕੇ ਸਰਹੰਦ ਦਾ ਬਦਲਾ ਲਿਆ।ਅੰਤ ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਤਿਹਾਸ ਦਿਨ ਮਨਾਉਣਾ ਤਾਂ ਹੀ ਸਫਲਾ ਹੈ ਜੇਕਰ ਅਸੀ ਆਪਣੇ ਅੰਦਰ ਝਾਤੀ ਮਾਰੀਏ ਤੇ ਆਪਣੇ ਗੁਣਾਂ ਤੇ ਔਗੁਣਾਂ ਦੀ ਪਹਿਚਾਣ ਕਰੀਏ।ਮੰਚ ਦੀ ਸੇਵਾ ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਨੇ ਬਾਖੂਬੀ ਨਿਭਾਈ।ਇਸ ਸਮੇਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਪ੍ਰਿੰਸੀਪਲ ਸੁਰਿੰਦਰ ਸਿੰਘ ਮੈਂਬਰ ਤੇ ਬਾਬਾ ਅਵਤਾਰ ਸਿੰਘ ਟਿੱਬੀ ਵਾਲਿਆਂ ਨੇ ਲੋਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਜਥੇਦਾਰ ਚਰਨ ਸਿੰਘ ਆਲਮਗੀਰ ਲੁਧਿਆਣਾ, ਸ. ਕਰਨੈਲ ਸਿੰਘ ਪੰਜੌਲੀ, ਸ. ਹਰਪਾਲ ਸਿੰਘ ਜੱਲਾ, ਸ. ਰਵਿੰਦਰ ਸਿੰਘ ਚੱਕ ਮੁਕੇਰੀਆਂ, ਸ. ਪਰਮਜੀਤ ਸਿੰਘ ਲੱਖੇਵਾਲ, ਸ. ਅਜਮੇਰ ਸਿੰਘ ਖੇੜਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਅਵਤਾਰ ਸਿੰਘ ਰਈਆ, ਸ. ਦਵਿੰਦਰ ਸਿੰਘ ਖੱਟੜਾ, ਸ. ਰਵਿੰਦਰ ਸਿੰਘ ਖਾਲਸਾ, ਸ. ਦਲਜੀਤ ਸਿੰਘ ਭਿੰਡਰ (ਹਿਮਾਚਲ ਪ੍ਰਦੇਸ਼) ਤੇ ਬੀਬੀ ਰਣਜੀਤ ਕੌਰ ਮਾਹਿਲਪੁਰ ਮੈਂਬਰ ਸ਼੍ਰੋਮਣੀ ਕਮੇਟੀ, ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਹੈਡ ਗ੍ਰੰਥੀ ਸ੍ਰ੍ਰੀ ਫਤਹਿਗੜ੍ਹ ਸਾਹਿਬ, ਸ. ਹਰਭਜਨ ਸਿੰਘ ਮਨਾਵਾਂ, ਡਾ.  ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਮੀਤ ਸਕੱਤਰ, ਸ. ਮੁਖਤਾਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸ. ਗੁਰਮੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਮਾਛੀਵਾੜਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।