ਅੰਮ੍ਰਿਤਸਰ, 13 ਸਤੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਂਗਰਸ ਆਗੂ ਵਿਜੇਇੰਦਰ ਸਿੰਗਲਾ ਵੱਲੋਂ ਗੁਰੂ-ਜਸ ਗਾਇਨ ਕਰਨ ਵਾਲੇ ਢਾਡੀਆਂ ਨੂੰ ਚੁਟਕਲੇ ਸੁਣਾਉਣ ਵਾਲੇ ਆਖਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਆਖਿਆ ਕਿ ਕਾਂਗਰਸ ਆਗੂ ਸਿੱਖ ਕੌਮ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਸੱਟ ਮਾਰਨ ਵਾਲੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਅਤੇ ਹੁਣ ਵਿਜੇਇੰਦਰ ਸਿੰਗਲਾ ਵੱਲੋਂ ਛੇਵੇਂ ਪਾਤਸ਼ਾਹ ਜੀ ਤੋਂ ਵਰੋਸਾਏ ਢਾਡੀ ਸਿੰਘਾਂ ਪ੍ਰਤੀ ਅਪਸ਼ਬਦ ਬੋਲ ਕੇ ਆਪਣੀ ਬੌਣੀ ਸੋਚ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਢਾਡੀ ਸ਼ੇ੍ਰਣੀ ਦਾ ਸਮਾਜ ਨੂੰ ਬੇਹਤਰ ਬਣਾਉਣ ਵਿਚ ਵੱਡਾ ਯੋਗਦਾਨ ਹੈ ਅਤੇ ਗੁਰੂ-ਘਰ ਦੇ ਢਾਡੀ ਕੇਵਲ ਪੈਸਿਆਂ ਖ਼ਾਤਰ ਹੀ ਪ੍ਰਚਾਰ ਨਹੀਂ ਕਰਦੇ, ਸਗੋਂ ਇਹ ਤਾਂ ਸਮਾਜ ਦੀ ਨੀਂਹ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸਿੱਖੀ ਦੇ ਗੌਰਵਮਈ ਇਤਿਹਾਸ ਨੂੰ ਪ੍ਰਚਾਰਦੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਆਗੂਆਂ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਨ੍ਹਾਂ ਵਿਜੇਇੰਦਰ ਸਿੰਗਲਾ ਨੂੰ ਨਸੀਹਤ ਦਿੰਦਿਆਂ ਆਖਿਆ ਕਿ ਉਸ ਨੂੰ ਸਿੱਖ ਕੌਮ ਦੇ ਇਤਿਹਾਸ ਵਿੱਚੋਂ ਢਾਡੀ ਕਲਾ ਦੀ ਸ਼ਾਨਦਾਰ ਵਿਰਾਸਤ ਦੇ ਇਤਿਹਾਸ ਨੂੰ ਪੜ੍ਹ ਲੈਣਾ ਚਾਹੀਦਾ ਹੈ, ਤਾਂ ਜੋ ਉਸ ਨੂੰ ਸਿੱਖ ਕੌਮ ਦੇ ਸ਼ਾਨਾਮੱਤੇ ਢਾਡੀ ਵਿਰਸੇ ਦੀ ਸਹੀ ਸਮਝ ਪੈ ਸਕੇ।