ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮੈਂਬਰਾਂ ਦੀ ਹੋਈ ਮੀਟਿੰਗ
ਅੰਮ੍ਰਿਤਸਰ 12 ਦਸੰਬਰ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਾਰ ਭਰ ਵਿੱਚ ਵਸਦੀਆਂ ਸਿੱਖ ਸੰਗਤਾ ਨੂੰ ਆਪਣੇ ਇਤਿਹਾਸ ਅਤੇ ਪੁਰਾਤਨ ਵਿਰਸੇ ਨਾਲ ਜੋੜਨ ਦੇ ਲਈ ਸਥਾਪਿਤ ਕੀਤੇ ਗਏ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਜੋਰਦਾਰ ਯਤਨ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਪ੍ਰਗਟਾਵਾ ਅੱਜ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮੀਟਿੰਗ ਹਾਲ ਵਿੱਚ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਨਵੇਂ ਮੈਂਬਰਾਂ ਦੀ ਸੱਦੀ ਗਈ ਪਲੇਠੀ ਮੀਟਿੰਗ ਉਪਰੰਤ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕੀਤਾ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਇਕਤੱਰਤਾ ਦੌਰਾਨ ਡਾ. ਬਲਵੰਤ ਸਿੰਘ ਢਿਲੋਂ, ਡਾ. ਪਰਮਵੀਰ ਸਿੰਘ, ਪ੍ਰੋ. ਪ੍ਰਭਜੋਤ ਕੌਰ ਅਤੇ ਸ. ਹਰਵਿੰਦਰ ਸਿੰਘ ਖਾਲਸਾ ਸ਼ਾਮਲ ਹੋਏ ਅਤੇ ਮੀਟਿੰਗ ਦੀ ਆਰੰਭਤਾ ਅਰਦਾਸ ਕਰਕੇ ਕੀਤੀ ਗਈ। ਮੀਟਿੰਗ ਦੌਰਾਨ ਅਹਿਮ ਫੈਸਲੇ ਲੈਂਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਗੁਰਮਿਤ ਸਾਹਿਤ ਦੇ ਕਾਰਜਾਂ ਵਿੱਚ ਆਈ ਹੋਈ ਖੜੋਤ ਨੂੰ ਦੂਰ ਕਰਕੇ ਨਵੇਂ ਖੋਜ ਕਾਰਜਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਕੌਮ ਦੇ ਦੁਰਲਭ ਵਿਰਸੇ ਦੀ ਸੰਭਾਲ ਕਰਨ ਹਿੱਤ ਸਥਾਪਿਤ ਕੀਤੀ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਆਧੁਨਿਕ ਬਣਾਉਣ ਲਈ ਕਾਰਜ ਆਰੰਭੇ ਜਾਣਗੇ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਲਈ ਪੁਰਾਤਨ ਹੱਥ ਲਿਖਤ ਗ੍ਰੰਥ ਇੱਕਠੇ ਕਰਨ ਲਈ ਸਮੁਚੇ ਸੰਸਾਰ ਵਿੱਚ ਵਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁਰਾਣੀਆਂ ਪੁਸਤਕਾਂ ਅਤੇ ਅਖਬਾਰਾਂ ਦੀ ਸੰਭਾਲ ਡਿਜਿਟਲ ਵਿਧੀ ਰਾਹੀਂ ਕੀਤੀ ਜਾਵੇਗੀ। ਸਿੱਖ ਰੈਫਰੈਂਸ ਲਾਇਬ੍ਰੇਰੀ ਜਿਸ ਵਿੱਚ ਸੰਸਾਰ ਭਰ ਤੋਂ ਆਉਣ ਵਾਲੇ ਖੋਜਾਰਥੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਕਿ ਉਹ ਸਿੱਖ ਇਤਿਹਾਸ ਦਾ ਅਧਿਐਨ ਹੋਰ ਸੁਖਮਤਾ ਨਾਲ ਕਰ ਸਕਣ। ਇਸ ਮੀਟਿੰਗ ਦੇ ਵਿੱਚ ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਹਰਚਰਨ ਸਿੰਘ ਚੀਫ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਰੂਪ ਸਿੰਘ ਸਕੱਤਰ, ਸ. ਬਲਵਿੰਦਰ ਸਿੰਘ ਜੋੜਾਸਿੰਘਾ ਵਧੀਕ ਸਕੱਤਰ, ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਸਿਮਰਜੀਤ ਸਿੰਘ ਮੀਤ ਸਕੱਤਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਵਿਸ਼ੇਸ਼ ਤੋਰ ਤੇ ਸ਼ਾਮਲ ਸਨ।