ਗਤਕਾ ਪ੍ਰਦਰਸ਼ਨੀ ਮੁਕਾਬਲੇ ਦੌਰਾਨ ਖਿਡਾਰੀਆਂ ਨੇ ਵਿਖਾਏ ਜੌਹਰ
ਸ੍ਰੀ ਫਤਿਹਗੜ੍ਹ ਸਾਹਿਬ, ੨੫ ਦਸੰਬਰ ( )- ਮਾਤਾ ਗੁਜਰੀ ਕਾਲਜ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗਤਕਾ ਪ੍ਰਦਰਸ਼ਨੀ ਮੁਕਾਬਲੇ ਆਯੋਜਿਤ ਕੀਤੇ ਗਏ। ਇਨ੍ਹਾਂ ਮੁਕਾਬਲਿਆਂ ਦੀ ਆਰੰਭਤਾ ਕਰਵਾਉਣ ਲਈ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਰਵਾਇਤੀ ਜੰਗਜੂ ਖੇਡ ਗਤਕਾ (ਸਿੱਖ ਸ਼ਸਤਰ ਕਲਾ) ਨੂੰ ਹੋਰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਸਥਾਪਿਤ ਕੀਤਾ ਗਿਆ ਡਾਇਰੈਕਟੋਰੇਟ ਆਫ ਗਤਕਾ ਆਪਣੀ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ। ਇਸ ਨਾਲ ਸਿੱਖ ਨੌਜਵਾਨ ਪੀੜੀ ਨੂੰ ਆਪਣੀ ਰਵਾਇਤੀ ਸ਼ਸਤਰ ਕਲਾ ਦੀ ਸੂਰਬੀਰਤਾ ਵਾਲੀ ਖੇਡ ਦੀ ਰੁਚੀ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਗਤਕਾ ਮੁਕਾਬਲੇ ਵਿਚ ਵੱਖ-ਵੱਖ ਕਾਲਜਾਂ ਤੋਂ ਪੁੱਜੇ ਸਮੂਹ ਗਤਕਾ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਉਹ ਪੂਰੀ ਨਿਸ਼ਠਾ, ਲਗਨ, ਦਲੇਰੀ ਤੇ ਸੂਰਬੀਰਤਾ ਨਾਲ ਭਰਪੂਰ ਗਤਕੇ ਦੀ ਖੇਡ ਨਾਲ ਜੁੜ ਕੇ ਆਪਣੀ ਵਿਰਾਸਤੀ ਖੇਡ ਦੀ ਵੱਧ ਤੋਂ ਵੱਖ ਸੰਭਾਲ ਵੀ ਕਰਨ ਤਾਂ ਕਿ ਆਉਣ ਵਾਲੇ ਸਮੇਂ ਦੌਰਾਨ ਇਸ ਪ੍ਰੰਪਰਾਗਤ ਖੇਡ ਦੀ ਮੂਲ ਭਾਵਨਾ ਨੂੰ ਬਰਕਰਾਰ ਰੱਖਦਿਆਂ ਹੋਇਆਂ ਦੇਸ਼-ਵਿਦੇਸ਼ ਵਿਚ ਇਸ ਦੀ ਚੜ੍ਹਤ ਨੂੰ ਬੁਲੰਦ ਕੀਤਾ ਜਾ ਸਕੇ।
ਸ਼੍ਰੋਮਣੀ ਕਮੇਟੀ ਦੇ ਗਤਕਾ ਡਾਇਰੈਕਟੋਰੇਟ ਵੱਲੋਂ ਕਰਵਾਏ ਗਏ ਇਨ੍ਹਾਂ ਗਤਕਾ ਪ੍ਰਦਰਸ਼ਨੀ ਮੁਕਾਬਲਿਆਂ ਵਿਚ ਵੱਖ-ਵੱਖ ਕਾਲਜਾਂ ਦੀਆਂ ਲੜਕਿਆਂ ਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਇਨ੍ਹਾਂ ਵਿਚ ਮੀਰੀ ਪੀਰੀ ਖਾਲਸਾ ਕਾਲਜ ਭਦੌੜ, ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ, ਤ੍ਰੈ ਸ਼ਤਾਬਦੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ, ਜੀ.ਐਸ.ਐਸ.ਡੀ.ਜੀ.ਐਸ. ਖਾਲਸਾ ਕਾਲਜ ਪਟਿਆਲਾ, ਐਸ.ਜੀ.ਟੀ.ਬੀ. ਕਾਲਜ ਸ੍ਰੀ ਅਨੰਦਪੁਰ ਸਾਹਿਬ, ਗੁਰੂ ਕਾਸ਼ੀ ਕਾਲਜ ਆਫ ਸਿੱਖ ਸਟੱਡੀਜ਼ ਤਲਵੰਡੀ ਸਾਬੋ, ਗੁਰੂ ਨਾਨਕ ਕਾਲਜ ਬਟਾਲਾ, ਗੁਰੂ ਨਾਨਕ ਕਾਲਜ ਫਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ, ਮਾਤਾ ਸਾਹਿਬ ਕੌਰ ਗਰਲਜ਼ ਕਾਜਲ ਤਲਵੰਡੀ ਭਾਈ, ਜੀ.ਜੀ.ਐਸ. ਖਾਲਸਾ ਕਾਲਜ ਫਾਰ ਗਰਲਜ਼ ਝਾੜ ਸਾਹਿਬ ਦੀਆਂ ਟੀਮਾਂ ਸ਼ਾਮਲ ਸਨ। ਇਨ੍ਹਾਂ ਟੀਮਾਂ ਦੇ ਗਤਕਾ ਖਿਡਾਰੀਆਂ ਨੇ ਪੂਰੇ ਖਾਲਸਾਈ ਜਾਹੋ-ਜਲਾਲ ਦੇ ਨਾਲ ਸਿੱਖ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਡਾ. ਧਰਮਿੰਦਰ ਸਿੰਘ ਉੱਭਾ ਡਾਇਰੈਕਟਰ ਵਿੱਦਿਆ, ਡਾ. ਪਰਮਜੀਤ ਸਿੰਘ ਸਰੋਆ ਤੇ ਸ. ਕੇਵਲ ਸਿੰਘ ਐਡੀ. ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ ਤੇ ਸ. ਹਰਜੀਤ ਸਿੰਘ ਮੀਤ ਸਕੱਤਰ, ਡਾ. ਜਤਿੰਦਰ ਸਿੰਘ ਪ੍ਰਿਸੀਪਲ ਮਾਤਾ ਗੁਜਰੀ ਕਾਲਜ, ਪ੍ਰਿੰ. ਪ੍ਰੀਤ ਮਹਿੰਦਰ ਸਿੰਘ, ਪ੍ਰਿੰ. ਕਸ਼ਮੀਰ ਸਿੰਘ, ਪ੍ਰਿੰ. ਪ੍ਰਭਜੀਵਨ ਸਿੰਘ, ਪ੍ਰਿੰ. ਜਸਵੀਰ ਸਿੰਘ, ਚੀਫ ਰੈਫਰੀ ਸੁਪ੍ਰੀਤ ਸਿੰਘ, ਹਰਦੀਪ ਸਿੰਘ ਪਟਿਆਲਾ, ਗੁਰਸਾਹਿਬ ਸਿੰਘ ਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।