ਕੈਨੇਡਾ ਦੇ ਮੈਂਬਰ ਪਾਰਲੀਮੈਂਟ ਨੇ ਲਏ 550ਵੇਂ ਪ੍ਰਕਾਸ਼ ਪੁਰਬ ਸਬੰਧੀ ਯਾਦਗਾਰੀ ਸਿੱਕੇ

ਅੰਮ੍ਰਿਤਸਰ, 8 ਜਨਵਰੀ-
ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਪੰਜਾਬੀ ਤੇ ਸਿੱਖ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸ. ਸੁਰਜੀਤ ਸਿੰਘ ਭਿੱਟੇਵੱਡ ਵੀ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਬੰਧੀ ਸ਼ੁਰੂ ਕੀਤੇ ਸਮਾਗਮਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਨਵੰਬਰ 2019 ਵਿਚ ਮਨਾਈ ਜਾ ਰਹੀ ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਵਿਚ ਕੌਮਾਂਤਰੀ ਪੱਧਰ ’ਤੇ ਵੱਸਦੀ ਸੰਗਤ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਉਹ ਵਿਸ਼ੇਸ਼ ਯਤਨ ਕਰਨਗੇ।
ਇਸ ਤੋਂ ਇਲਾਵਾ ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਐਨ.ਆਰ.ਆਈ. ਸੈੱਲ ਸਥਾਪਤ ਕਰਨ ਦੇ ਫੈਸਲੇ ਲਈ ਧੰਨਵਾਦ ਕੀਤਾ। ਇਸ ਦੌਰਾਨ ਸੁੱਖ ਧਾਲੀਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤਿਆਰ ਕੀਤੇ ਯਾਦਗਾਰੀ ਸਿੱਕੇ ਵੀ ਪ੍ਰਾਪਤ ਕੀਤੇ ਅਤੇ ਕਿਹਾ ਕਿ ਇਹ ਗੁਰੂ ਸਾਹਿਬ ਜੀ ਦੇ ਇਤਿਹਾਸਕ ਗੁਰਪੁਰਬ ਦੀ ਯਾਦਗਾਰ ਵਜੋਂ ਇਕ ਵਿਰਾਸਤੀ ਨਿਸ਼ਾਨੀ ਹੈ, ਜਿਸ ਨੂੰ ਉਹ ਹਮੇਸ਼ਾਂ ਸੰਭਾਲ ਕੇ ਰੱਖਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਸੁੱਖ ਧਾਲੀਵਾਲ ਨੇ ਪੰਜਾਬੀਆਂ ਦਾ ਮਾਣ ਵਿਦੇਸ਼ਾਂ ਵਿਚ ਵਧਾਇਆ ਹੈ। ਇਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਸੁੱਖ ਧਾਲੀਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਹੋਰ ਮੌਜੂਦ ਸਨ।