ਅੰਮ੍ਰਿਤਸਰ ੧੦ ਅਕਤੂਬਰ (         ) – ਸੇਵਾ ਦੇ ਬਹਾਨੇ ਪ੍ਰਬੰਧ ਵਿੱਚ ਕਿਸੇ ਨੂੰ ਦਖਲ ਅੰਦਾਜੀ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।ਬੀਬੀ ਹਰਮਨ ਕੌਰ ਵੱਲੋਂ ਸ਼੍ਰੋਮਣੀ ਕਮੇਟੀ ‘ਤੇ ਬੀਬੀਆਂ ਨੂੰ ਸੇਵਾ ਕਰਨ ਤੋਂ ਰੋਕਣ ਦੇ ਬਿਆਨ ਵਿੱਚ ਕੋਈ ਸੱਚਾਈ ਨਹੀਂ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।
 ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਿਸੇ ਨੂੰ ਵੀ ਸੇਵਾ ਕਰਨ ਤੋਂ ਰੋਕਿਆ ਨਹੀਂ ਜਾਂਦਾ ਤੇ ਇਸ ਦੀ ਮਾਣ ਮਰਯਾਦਾ ‘ਚ ਉਲੰਘਣਾ ਨੂੰ ਬਰਦਾਸ਼ਤ ਵੀ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਸੰਗਤਾਂ ਸੇਵਾ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਬੀਬੀ ਹਰਮਨ ਕੌਰ ਵੱਲੋਂ ਸੇਵਾ ਦੀ ਆੜ ਹੇਠ ਪ੍ਰਬੰਧ ਨੂੰ ਬਦਨਾਮ ਕਰਨ ਦੀ ਇਕ ਕੋਝੀ ਚਾਲ ਹੈ।ਉਨ੍ਹਾਂ ਕਿਹਾ ਕਿ ਬੀਬੀ ਹਰਮਨ ਕੌਰ ਨੂੰ ਕਿਸੇ ਨੇ ਵੀ ਸੇਵਾ ਕਰਨ ਤੋਂ ਰੋਕਿਆ ਨਹੀਂ, ਪਰ ਉਸ ਵੱਲੋਂ ਕੁਝ ਲੋਕਾਂ ਦੀ ਸ਼ਹਿ ‘ਤੇ ਪ੍ਰਬੰਧ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਹਿਨ ਨਹੀਂ ਹੋ ਸਕਦੀ ਉਸ ਦੇ ਤਰਕ ਵਿੱਚ ਕੋਈ ਵੀ ਸੱਚਾਈ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਭੁੱਖ ਹੜਤਾਲ ਦਾ ਵੀ ਗੁਰੂ ਘਰ ਨਾਲ ਕੋਈ ਨੇੜਲਾ ਲੈਣ ਦੇਣ ਨਹੀਂ ਹੈ।ਉਨ੍ਹਾਂ ਕਿਹਾ ਕਿ ਸਾਰੇ ਘਟਨਾਕ੍ਰਮ ਬਾਰੇ ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਖੁਦ ਘੋਖ ਪੜਤਾਲ ਕੀਤੀ ਹੈ ਜਿਨ੍ਹਾਂ ਦੱਸਿਆ ਕਿ ਇਸ ਬਾਰੇ ਕੋਈ ਵੀ ਤੱਥ ਸਾਹਮਣੇ ਨਹੀਂ ਆਇਆ ਹੈ।