ਅੰਮ੍ਰਿਤਸਰ, 14 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਬੇ ਅੰਦਰ ਵੈਂਟੀਲੇਟਰ ਅਤੇ ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਉਣ ਸਬੰਧੀ ਸੋਸ਼ਲ ਮੀਡੀਆ ’ਤੇ ਫੈਲਾਏ ਜਾ ਰਹੇ ਇੱਕ ਸੁਨੇਹੇ ਦਾ ਕਮੇਟੀ ਬੁਲਾਰੇ ਨੇ ਖੰਡਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਜਿਹਾ ਕੋਈ ਵੀ ਅਧਿਕਾਰਤ ਬਿਆਨ ਜਾਂ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ। ਸ਼੍ਰੋਮਣੀ ਕਮੇਟੀ ਜੋ ਵੀ ਲੋਕ ਭਲਾਈ ਲਈ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਸ ਬਾਰੇ ਸਮੇਂ ਸਮੇਂ ਮੀਡੀਆ ਤੱਕ ਜਾਣਕਾਰੀ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਜਾਣਬੁਝ ਕੇ ਝੂਠੀਆਂ ਅਫਵਾਹਾਂ ਫੈਲਾਅ ਰਹੇ ਹਨ, ਜਿਸ ਦਾ ਗਲਤ ਅਸਰ ਪੈ ਰਿਹਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਬੁਲਾਰੇ ਨੇ ਕਿਹਾ ਕਿ ਮੌਜੂਦਾ ਸੰਕਟ ਸਮੇਂ ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਸਰਕਾਰ ਦੇ ਨਾਲ ਹੈ ਅਤੇ ਪ੍ਰਬੰਧਕੀ ਸਹਿਯੋਗ ਦੇ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪ੍ਰਬੰਧ ਵਾਲੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ, ਮੀਰੀ ਪੀਰੀ ਮੈਡੀਕਲ ਕਾਲਜ ਹਰਿਆਣਾ ਸਮੇਤ ਹੋਰਨਾਂ ਥਾਵਾਂ ’ਤੇ ਮਰੀਜ਼ਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਸੈਂਕੜੇ ਬੈੱਡ ਤੇ 10 ਵੈਂਟੀਲੇਟਰ ਮੌਜੂਦ ਹਨ। ਇਸੇ ਤਰ੍ਹਾਂ ਗੁਰੂ ਘਰਾਂ ਦੀਆਂ ਸਰਾਂਵਾਂ ਵੀ ਇਕਾਂਤਵਾਸ ਲਈ ਰੱਖੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਗੁਰੂ ਘਰਾਂ ਤੋਂ ਰੋਜ਼ਾਨਾਂ ਲੱਖਾਂ ਲੋੜਵੰਦਾਂ ਤੱਕ ਲੰਗਰ ਸੇਵਾ ਵੀ ਲਗਾਤਾਰ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਲਈ ਜੋ ਵੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਬਾਰੇ ਬਾਕਾਇਦਾ ਤੌਰ ’ਤੇ ਮੀਡੀਆ ਤੱਕ ਜਾਣਕਾਰੀ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਲੋਕਾਂ ਨੂੰ ਅਫਵਾਹਾਂ ਫੇਲਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਮੌਜੂਦਾ ਸਮਾਂ ਜੁੰਮੇਵਾਰੀ ਦੀ ਭਾਵਨਾਂ ਨਾਲ ਚੱਲਣ ਦਾ ਹੈ।