ਅੰਮ੍ਰਿਤਸਰ 22 ਅਗਸਤ (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਉਚਾਰੀ ਗੁਰਬਾਣੀ ਹਰੇਕ ਮਨੁੱਖ ਲਈ ਕਲਿਆਣਕਾਰੀ ਤੇ ਰਾਹ ਦਸੇਰਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਵੇਖਣ ਵਿੱਚ ਆਇਆ ਹੈ ਕਿ ਕੁਝ ਨਾ ਸਮਝ ਲੋਕ ਆਪਣੇ ਆਪ ਨੂੰ ਮਜਹਬ, ਫਿਰਕਿਆਂ ਨਾਲ ਜੋੜ ਕੇ ਗੁਰਬਾਣੀ ਅਤੇ ਗੁਰੂ ਸਾਹਿਬਾਨ ਪ੍ਰਤੀ ਸੋਸ਼ਲ ਸਾਈਟ ਉਪਰ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ ਜੋ ਗੁਰਬਾਣੀ ਅਤੇ ਗੁਰੂ ਸਾਹਿਬਾਨ ਦਾ ਘੋਰ ਨਿਰਾਦਰ ਹੈ।ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ ਅਤੇ ਜਿਹੜੇ ਲੋਕ ਇਸ ਲਈ ਜ਼ਿੰਮੇਵਾਰ ਹੋਣ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਹੋਵੇ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸਾਰੇ ਹੀ ਧਰਮ ਸਤਿਕਾਰਯੋਗ ਹਨ ਕਿਸੇ ਵੀ ਧਰਮ ਦੇ ਗੁਰੂ ਜਾਂ ਦੇਵੀ ਦੇਵਤਿਆਂ, ਪੈਗੰਬਰਾਂ ਦੇ ਖਿਲਾਫ ਜੇਕਰ ਕੋਈ ਸੋਸ਼ਲ ਸਾਈਟ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਤਾਂ ਸਾਈਬਰ ਕ੍ਰਾਈਮ ਸੈੱਲ ਨੂੰ ਚਾਹੀਦਾ ਹੈ ਕਿ ਤੁਰੰਤ ਉਸ ਦੀ ਪੜਤਾਲ ਕਰਕੇ ਦੋਸ਼ੀ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰੇ।ਉਨ੍ਹਾਂ ਕਿਹਾ ਕਿ ਸਾਇੰਸ ਨੇ ਤਰੱਕੀ ਇਸ ਲਈ ਨਹੀਂ ਕੀਤੀ ਕਿ ਮਜਹਬ ਆਪਸ ਵਿੱਚ ਹੀ ਗੁਰੂ ਸਾਹਿਬਾਨ, ਗੁਰਬਾਣੀ, ਪੈਗੰਬਰ ਜਾਂ ਦੇਵੀ ਦੇਵਤਿਆਂ ਖਿਲਾਫ ਸੋਸ਼ਲ ਸਾਈਟਸ ਤੇ ਜੰਗ ਛੇੜੀ ਰੱਖਣ।ਉਨ੍ਹਾਂ ਕਿਹਾ ਕਿ ਸੋਸ਼ਲ ਸਾਈਟ ਦੀ ਵਰਤੋਂ ਦੇਸ਼, ਧਰਮਾਂ ਦੀ ਤਰੱਕੀ ਵਾਸਤੇ ਹੋਣੀ ਚਾਹੀਦੀ ਹੈ।ਇਨ੍ਹਾਂ ਸਾਈਟਸ ਤੋਂ ਦੂਸਰੇ ਦੇਸ਼ਾਂ ਦੀ ਤਰੱਕੀ ਜਾਂ ਰਹਿਣ-ਸਹਿਣ ਬਾਰੇ ਜਾਣਕਾਰੀ ਲੈਣ ਲਈ ਵਰਤੋਂ ਹੋਣੀ ਹੈ ਨੌਜਵਾਨ ਵਰਗ ਇਨ੍ਹਾਂ ਤੋਂ ਚੰਗਾ ਗਿਆਨ ਪ੍ਰਾਪਤ ਕਰ ਸਕਦੇ ਹਨ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੋਈ ਗੁਰੂ ਸਾਹਿਬਾਨ ਜਾਂ ਪਾਵਨ ਗੁਰਬਾਣੀ ਬਾਰੇ ਮੰਦਾ ਬੋਲ ਰਿਹਾ ਹੈ ਕੋਈ ਦੂਸਰੇ ਧਰਮ ਨੂੰ ਮਾੜਾ ਕਹਿ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਉਨ੍ਹਾਂ ਦੇਸ਼ ਦੇ ਸੂਝਵਾਨ ਲੋਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਕਈ ਵਾਰ ਸ਼ੈਤਾਨ ਕਿਸਮ ਦੇ ਲੋਕ ਜਿਨ੍ਹਾਂ ਦਾ ਮਕਸਦ ਇਕ ਦੂਸਰੇ ਫਿਰਕੇ ਖਿਲਾਫ ਭੱਦੀ ਸ਼ਬਦਾਵਲੀ ਲਿਖ ਕੇ ਕੇਵਲ ਤੇ ਕੇਵਲ ਦੇਸ਼ ਅਤੇ ਸੂਬੇ ਦੀ ਸ਼ਾਂਤ ਫਿਜ਼ਾ ਨੂੰ ਅੱਗ ਦੇ ਹਵਾਲੇ ਕਰਨਾ ਹੁੰਦਾ ਹੈ ਜਿਸ ਨਾਲ ਕਈ ਵਾਰ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਹਨ, ਪਰ ਅਜਿਹੇ ਵਿੱਚ ਕਿਸੇ ਦੇ ਵੀ ਹੱਥ ਕੁਝ ਨਹੀਂ ਆਉਂਦਾ।ਇਸ ਲਈ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਗੁਰਬਾਣੀ, ਗੁਰੂ ਸਾਹਿਬਾਨ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਸਮਝੀਏ ਤੇ ਹਰੇਕ ਧਰਮ ਦਾ ਦਿਲੋਂ ਸਤਿਕਾਰ ਹੋਵੇ।