ਅੰਮਿ੍ਰਤਸਰ, 18 ਨਵੰਬਰ- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਬੰਧੀ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਕੀਤੀਆਂ ਗਈਆਂ ਗੈਰ ਇਖਲਾਕੀ ਟਿੱਪਣੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਸਿੱਖ ਧਰਮ ਵਿਚ ਰੁਤਬਾ ਸਰਵਉੱਚ ਹੈ, ਜਿਸ ਕਰਕੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਵੀ ਸਿਆਸੀ ਆਗੂ ਦੀ ਟਿੱਪਣੀ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ।
ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਪ੍ਰਤੀਕ ਹੈ ਜਿਸ ਕਰਕੇ ਇਥੋਂ ਸਿੱਖਾਂ ਨੂੰ ਧਾਰਮਿਕ ਸਕਤੀ ਦੇ ਨਾਲ ਨਾਲ ਰਾਜਨੀਤਕ ਚੇਤਨਾ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਸ੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦੇਸ ਦੇ ਮੌਜੂਦਾ ਸਿਆਸੀ ਹਾਲਾਤਾਂ ਦੀ ਸੱਚਾਈ ਬਿਆਨ ਕਰਨ ‘ਤੇ ਕੁਝ ਸਿਆਸੀ ਜਮਾਤਾਂ ਦੇ ਆਗੂਆਂ ਨੂੰ ਹੋਈ ਤਕਲੀਫ ਦੀ ਸਮਝ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਬਿਲਕੁਲ ਸੱਚ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਲਗਾਤਾਰ ਦੇਸ ਦੇ ਵੱਖ ਵੱਖ ਹਿਸਿਆ ਵਿਚ ਸਿੱਖਾਂ ਦੇ ਇਤਿਹਾਸਕ ਅਸਥਾਨਾਂ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ। ਦੇਸ ਅੰਦਰ ਘੱਟਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਅਤੇ ਸਿੱਖ ਕਤਲੇਆਮ ਨੂੰ ਕਿੰਜ ਭੁੱਲ ਸਕਦੇ ਹਨ? ਸਾਢੇ ਤਿੰਨ ਦਹਾਕੇ ਬੀਤ ਜਾਣ ‘ਤੇ ਵੀ ਸਿੱਖ ਕਤਲੇਆਮ ਦੇ ਦੋਸੀਆਂ ਨੂੰ ਸਜਾਵਾਂ ਨਹੀਂ ਹੋਈਆਂ ਸਗੋਂ ਪੀੜਤ ਇਨਸਾਫ ਮੰਗਦੇ ਮੰਗਦੇ ਦੁਨੀਆ ਤੋਂ ਜਾ ਰਹੇ ਹਨ। ਅੱਜ ਵੀ ਸਿੱਖਾਂ ਨੂੰ ਦਬਾਉਣ ਦੀਆਂ ਸਾਜਿਸ਼ਾਂ ਜਾਰੀ ਹਨ। ਜੇਕਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੱਚਾਈ ਨੂੰ ਦਰਸਾਉਂਦਾ ਬਿਆਨ ਦੇ ਦਿੱਤਾ ਤਾਂ ਸੱਤਾਧਾਰੀ ਸਿਆਸੀ ਪਾਰਟੀਆਂ ਨੂੰ ਆਤਮ ਮੰਥਨ ਕਰਨਾ ਚਾਹੀਦਾ ਸੀ ਕਿਉਂਕਿ ਆਪਣੇ ਰਾਜ ਵਿਚ ਵੱਸਦੇ ਹਰ ਧਰਮ ਦੇ ਲੋਕਾਂ ਦੇ ਸਰਬਪੱਖੀ ਹਿਤਾਂ ਦੀ ਸੁਰੱਖਿਆ ਸਰਕਾਰ ਇਖਲਾਕੀ ਜਿੰਮੇਵਾਰੀ ਹੁੰਦੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਆਪਣੀ ਪਾਰਟੀ ਦੀ ਕੇਂਦਰੀ ਸਰਕਾਰ ਨੂੰ ਨਸੀਹਤ ਦੇਣ ਦੀ ਬਜਾਇ ਹਰਜੀਤ ਸਿੰਘ ਗਰੇਵਾਲ ਵਰਗੇ ਸਵਾਰਥੀ ਆਗੂਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਬੰਧੀ ਗੈਰ ਇਖਲਾਕੀ ਬਿਆਨ ਬਿਲਕੁਲ ਨਾ ਬਰਦਾਸਤਯੋਗ ਹੈ। ਇਸ ਲਈ ਗਰੇਵਾਲ ਨੂੰ ਆਪਣੇ ਦਾਇਰੇ ਵਿਚ ਰਹਿਣਾ ਚਾਹੀਦਾ ਹੈ।