ਅੰਮ੍ਰਿਤਸਰ ੨੦ ਦਸੰਬਰ ( ) – ਸਿੱਖ ਕੌਮ ਦੇ ਦੋ ਅਹਿਮ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਸ੍ਰੀ ਅੰਮਿਤਸਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਏਅਰ ਇੰਡੀਆ ਵੱਲੋਂ ਸ਼ੁਰੂ ਕੀਤੀ ਜਾ ਰਹੀ ਹਵਾਈ ਸੇਵਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਨ ਲਈ ਏਅਰ ਇੰਡੀਆ ਵੱਲੋਂ ੨੩ ਦਸੰਬਰ ਦਿਨ ਸ਼ਨੀਵਾਰ ਤੋਂ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਸ਼ੁਰੂਆਤ ਵਿਚ ਇਹ ਸੇਵਾ ਹਫਤੇ ਵਿਚ ਦੋ ਦਿਨ ਹੋਵੇਗੀ। ਉਨ੍ਹਾਂ ਇਸ ਕਾਰਜ ਲਈ ਏਅਰ ਇੰਡੀਆ ਦਾ ਧੰਨਵਾਦ ਕੀਤਾ। ਸ. ਲੌਂਗੋਵਾਲ ਨੇ ਆਸ ਪ੍ਰਗਟਾਈ ਕਿ ਸਿੱਖ ਸੰਗਤਾਂ ਜਿਥੇ ਦੇਸ਼ਾ ਵਿਦੇਸ਼ਾਂ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਹਨ, ਉਥੇ ਇਸ ਹਵਾਈ ਸੇਵਾ ਦੇ ਸ਼ੁਰੂ ਹੋਣ ਨਾਲ ਸੰਗਤਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਵੀ ਸਹਿਜੇ ਹੀ ਕਰ ਸਕਣਗੀਆਂ। ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆ ਸਕਣਗੀਆਂ।