Inaugurationਅੰਮ੍ਰਿਤਸਰ 4 ਮਈ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਸੰਗਤਾਂ ਦੀ ਸਹੂਲਤ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਵਿਖੇ ਆਧੁਨਿਕ ਸਹੂਲਤਾਂ ਭਰਪੂਰ ਬਾਥਰੂਮ ਬਲਾਕ ਦਾ ਉਦਘਾਟਨ ਕੀਤਾ।ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ।ਇਸ ਤੋਂ ਪਹਿਲਾਂ ਭਾਈ ਸੁਲਤਾਨ ਸਿੰਘ ਨੇ ਅਰਦਾਸ ਕੀਤੀ।
ਬਾਥਰੂਮ ਬਲਾਕ ਦੇ ਉਦਘਾਟਨ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਵੀ ਸੇਵਾ ਸੌਂਪੀ ਗਈ ਉਨ੍ਹਾਂ ਨੇ ਤਨਦੇਹੀ ਤੇ ਸ਼ਰਧਾ ਭਾਵਨਾ ਨਾਲ ਸਮਾਂ ਬੱਧ ਰਹਿ ਕੇ ਮੁਕੰਮਲ ਕੀਤੀ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀਆਂ ਸੰਗਤਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲੇ ਤੇ ਯੂ ਐਸ ਏ ਦੇ ਸਡਾਨਾ ਪ੍ਰੀਵਾਰ ਵਲੋਂ ਅਤਿ ਆਧੁਨਿਕ ਤਕਨੀਕ ਵਾਲਾ ਬਾਥਰੂਮ ਕੰਪਲੈਕਸ ਤਿਆਰ ਕੀਤਾ ਗਿਆ ਹੈ ਜੋ ਸੰਗਤਾਂ ਲਈ ਲਾਹੇਵੰਦ ਸਾਬਤ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਾਥਰੂਮ ਪਹਿਲਾਂ ਮਾਤਾ ਗੰਗਾ ਜੀ ਨਿਵਾਸ ਵਿੱਚ ਵੀ ਬਣਾਏ ਗਏ ਸਨ।ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਬਾਰੇ ਬਣਾਈ ਗਈ ੨੧ ਮੈਂਬਰੀ ਸਬ-ਕਮੇਟੀ ਦੀ ਇਕੱਤਰਤਾ ੧੧ ਮਈ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਰੱਖੀ ਗਈ ਹੈ।ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਮਸਲੇ ਦਾ ਕੋਈ ਠੋਸ ਹੱਲ ਕੱਢ ਲਿਆ ਜਾਵੇਗਾ।ਉਨ੍ਹਾਂ ਕਿਹਾ ਕਿ ੬ ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੋ ਸਮਾਗਮ ਕਰਵਾਏ ਜਾਂਦੇ ਹਨ, ਉਹ ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੁੰਦਾ ਹੈ, ਇਸ ਸਮਾਗਮ ਵਿੱਚ ਕਿਸੇ ਨੂੰ ਵੀ ਖਲਨ ਨਹੀਂ ਪਾਉਣਾ ਚਾਹੀਦਾ ਬਲਕਿ ਸਮੁੱਚੀ ਕੌਮ ਨੂੰ ਇਸ ਦਿਨ ਅਮਨ ਸਾਂਤੀ ਨਾਲ ਸਮਾਗਮ ਵਿੱਚ ਹਾਜ਼ਰੀਆਂ ਭਰਨੀਆਂ ਚਾਹੀਦੀਆਂ ਹਨ।
ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਨੇ ਕਿਹਾ ਕਿ ੨੦ ਪ੍ਰਾਣੀਆਂ ਦੀ ਸਮਰੱਥਾ ਵਾਲੇ ਇਸ ਬਾਥਰੂਮ ਬਲਾਕ ਵਿੱਚ ਵਿਸ਼ੇਸ਼ ਸੁਵਿਧਾ ਵਾਲੇ ਬਾਥਰੂਮ ਬਲਾਕ ਵੀ ਬਣਾਏ ਗਏ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੋ ਵੀ ਉਨ੍ਹਾਂ ਦੇ ਜਿੰਮੇ ਸੇਵਾ ਲਗਾਈ ਜਾਵੇਗੀ ਉਸ ਨੂੰ ਸੰਗਤਾਂ ਦੇ ਸਹਿਯੋਗ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਤਿਗੁਰੂ ਪਾਤਸ਼ਾਹ ਆਪ ਹੀ ਇਹ ਸੇਵਾ ਬਖਸ਼ਦੇ ਹਨ ਤੇ ਆਪ ਹੀ ਸਹਾਈ ਹੋ ਕੇ ਮੁਕੰਮਲ ਕਰਵਾ ਲੈਂਦੇ ਹਨ।ਜਥੇਦਾਰ ਅਵਤਾਰ ਸਿੰਘ ਨੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੁਰੰਮਤ ਤੇ ਰੰਗ ਰੋਗਨ ਦੀ ਸੇਵਾ ਕਰਨ ਲਈ ਕਿਹਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀ: ਹੈਡ ਗ੍ਰੰਥੀ ਤੇ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਗ੍ਰੰਥੀ, ਬਾਬਾ ਸੁੱਖਵਿੰਦਰ ਸਿੰਘ ਭੂਰੀਵਾਲੇ, ਸ੍ਰ: ਰਾਜਿੰਦਰ ਸਿੰਘ ਮਹਿਤਾ ਅੰਤ੍ਰਿਗ ਮੈਂਬਰ, ਸ੍ਰ: ਗੁਰਿੰਦਰਪਾਲ ਸਿੰਘ ਗੋਰਾ, ਸ੍ਰ: ਬਾਵਾ ਸਿੰਘ ਗੁਮਾਨਪੁਰਾ ਤੇ ਸ੍ਰ: ਸੁਰਜੀਤ ਸਿੰਘ ਭਿੱਟੇਵਢ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ੍ਰ: ਸਤਿੰਦਰ ਸਿੰਘ ਨਿਜੀ ਸਹਾਇਕ, ਸ੍ਰ: ਸਕੱਤਰ ਸਿੰਘ ਮੀਤ ਸਕੱਤਰ, ਸ੍ਰ: ਸੁਲੱਖਣ ਸਿੰਘ ਤੇ ਸ੍ਰ: ਗੁਰੰਦਰ ਸਿੰਘ ਮਥਰੇਵਾਲ ਤੇ  ਸ੍ਰ: ਰਘਬੀਰ ਸਿੰਘ ਮੰਡ ਮੈਨੇਜਰ, ਸ੍ਰ: ਸਤਨਾਮ ਸਿੰਘ ਮਾਂਗਾਸਰਾਏਂ ਐਡੀ: ਮੈਨੇਜਰ, ਸ੍ਰ: ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ ਤੇ ਸ੍ਰ: ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ੍ਰ: ਰਾਮ ਸਿੰਘ ਸਾਬਕਾ ਮੀਤ ਸਕੱਤਰ, ਸ੍ਰ: ਨਰਿੰਦਰ ਸਿੰਘ, ਸ੍ਰ: ਸੁਰਿੰਦਰਪਾਲ ਸਿੰਘ, ਬਾਬਾ ਗੁਰਨਾਮ ਸਿੰਘ ਤੇ ਬਾਬਾ ਪ੍ਰੇਮ ਸਿੰਘ ਆਦਿ ਹਾਜ਼ਰ ਸਨ।