ਅੰਮ੍ਰਿਤਸਰ, ੨ ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਦੀ ਗ੍ਰਾਂਟ ਤੁਰੰਤ ਜਾਰੀ ਕਰਨੀ ਚਾਹੀਦੀ ਹੈ, ਤਾਂ ਜੋ ਖੋਜ ਕੇਂਦਰ ਵੱਲੋਂ ਆਰੰਭੇ ਕਾਰਜ ਪ੍ਰਭਾਵਿਤ ਨਾ ਹੋਣ। ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਨੇ ਆਪਣੇ ਸਥਾਪਨਾ ਦੇ ਥੋੜ੍ਹੇ ਜਿਹੇ ਸਮੇਂ ਅੰਦਰ ਹੀ ਜ਼ਿਕਰਯੋਗ ਕਾਰਜ ਕੀਤੇ ਹਨ ਅਤੇ ਸਰਕਾਰ ਨੂੰ ਖੋਜ ਕੇਂਦਰ ਦੀ ਪ੍ਰਵਾਨਿਤ ਗ੍ਰਾਂਟ ਜਾਰੀ ਕਰਨ ਲਈ ਸੁਹਿਰਦ ਭਾਵਨਾ ਦਿਖਾਉਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਗੁਰਪੁਰਬ ਸਮਾਗਮਾਂ ਨਾਲ ਸਬੰਧਤ ਹੈ, ਜਿਸ ਦੇ ਮੱਦੇਨਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਵੱਲੋਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਸਬੰਧੀ ਖੋਜ ਕਾਰਜ ਕੀਤੇ ਜਾਣੇ ਹਨ। ਇਹ ਸਭ ਕਾਰਜ ਗ੍ਰਾਂਟ ਸਮੇਂ ਸਿਰ ਮਿਲਣ ਨਾਲ ਹੀ ਸੰਭਵ ਹੋ ਸਕਣਗੇ। ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਰਬਸਾਂਝੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਰਾਹੀਂ ਕੀਤੇ ਜਾਣ ਵਾਲੇ ਖੋਜ ਕਾਰਜ ਸਮੁੱਚੀ ਮਨੁੱਖਤਾ ਲਈ ਸੇਧ ਦੇਣ ਵਾਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਕੇਂਦਰ ਸਰਕਾਰ ਨਾਲ ਜਲਦ ਹੀ ਰਾਬਤਾ ਵੀ ਬਣਾਇਆ ਜਾਵੇਗਾ।