ਸਮੁੱਚੇ ਮੁਲਾਜ਼ਮਾਂ ਵਲੋਂ ਪਸ਼ਚਾਤਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਅੱਜ 18 ਅਕਤੂਬਰ ਨੂੰ ਅਰੰਭ ਹੋਵੇਗਾ

unnamed (1) unnamed (2) unnamed (3)ਅੰਮ੍ਰਿਤਸਰ -17 ਅਕਤੂਬਰ : ਬਰਗਾੜੀ, ਮਿਸ਼ਰੀਵਾਲ ਤੇ ਪਿੰਡ ਬਾਠ ਵਿਖੇ ਪੰਥ ਦੋਖੀਆਂ ਵਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੰਗ ਪਾੜਨ ਤੇ ਫਿਰ ਉਨ੍ਹਾਂ ਨੂੰ ਗਲੀਆਂ ‘ਚ ਖਿਲਾਰਨ ਨਾਲ ਦੇਸ਼-ਵਿਦੇਸ਼ ‘ਚ ਵੱਸਦੇ ਸਮੁੱਚੇ ਸਿੱਖ ਜਾਗਤ ਦੇ ਹਿਰਦੇ ਵਲੂੰਧਰੇ ਗਏ। ਪੰਥ ਦੋਖੀਆਂ ਨੂੰ ਫੜ ਕੇ ਉਨ੍ਹਾਂ ਨੂੰ ਸਖ਼ਤ ਸਜਾਵਾਂ ਦੇਣ ਲਈ ਸਮੁੱਚੇ ਪੰਜਾਬ ਅੰਦਰ ਰੋਸ ਸੰਗਤਾਂ ਪ੍ਰਗਟ ਕਰ ਰਹੀਆਂ ਹਨ। ਸਮੁੱਚੀਆਂ ਸੰਗਤਾਂ ਨਾਲ ਇਸ ਰੋਸ ਵਿੱਚ ਸ਼ਾਮਿਲ ਹੁੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇਕੱਤਰ ਹੋ ਕੇ ਮੂਲ ਮੰਤਰ ਤੇ ਚੌਪਈ ਸਾਹਿਬ ਦੇ ਪਾਠ ਕੀਤੇ।

ਇਸ ਮੌਕੇ ਡਾ. ਰੂਪ ਸਿੰਘ, ਸ੍ਰ. ਮਨਜੀਤ ਸਿੰਘ ਸਕੱਤਰ, ਸ੍ਰ. ਦਿਲਜੀਤ ਸਿੰਘ ਬੇਦੀ, ਸ੍ਰ. ਹਰਭਜਨ ਸਿੰਘ ਮਨਾਵਾਂ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ੍ਰ. ਸੁਖਦੇਵ ਸਿੰਘ ਭੂਰਾ ਕੋਹਨਾ ਵਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਦੋਖੀਆਂ ਵਲੋਂ ਕੀਤੀ ਜਾ ਰਹੀ ਬੇਅਦਬੀ ਬਾਰੇ ਦਸਦਿਆਂ ਕਿਹਾ ਕਿ ਆਪਣੇ ਸਾਰਿਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਰ ਹੋਰ ਕੁਝ ਵੀ ਨਹੀਂ, ਸਮੁੱਚੀ ਲੋਕਾਈ ਦਾ ਭਲਾ ਕਰਨ ਵਾਲੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜਾਵਾਂ ਦਿੱਤੀਆਂ ਜਾਣ। ਸਮੁੱਚੇ ਮੁਲਾਜ਼ਮਾਂ ਦੀਆਂ ਭਾਵਨਾਵਾਂ ਅਨੁਸਾਰ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦਿਆਂ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਹਾਲ ਗੇਟ ਤੀਕ ਸ਼ਾਂਤ-ਮਈ ਰੋਸ ਮਾਰਚ ਕੀਤਾ, ਜਿਸ ਵਿੱਚ ਸਕੱਤਰ ਸਾਹਿਬਾਨ, ਵਧੀਕ ਸਕੱਤਰ, ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ, ਸਮੇਤ ਸਮੁੱਚੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਮੁਲਾਜ਼ਮਾਂ ਵਲੋਂ ਹਾਲ ਗੇਟ ਚੌਂਕ ‘ਚ ਬੈਠ ਕੇ ਫਿਰ ਚੋਪਈ ਸਾਹਿਬ ਦੇ ਪਾਠ ਕੀਤੇ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਵਾਪਸ ਦਫਤਰ ਸ਼੍ਰੋਮਣੀ ਕਮੇਟੀ ਪੁੱਜੇ।

ਇਸ ਮੌਕੇ ਪਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਸ੍ਰ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਕਿਹਾ ਪੰਜਾਬ ‘ਚ ਥਾਂ-ਥਾਂ ਤੇ ਸ਼ਰਾਰਤੀ ਅਨਸਰਾਂ ਵਲੋਂ ਸੋਚੀ ਸਮਝੀ ਸਾਜਸ਼ ਤਹਿਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਕੇ ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਜਿਸ ਨਾਲ ਪੰਜਾਬ ਦੇ ਸ਼ਾਤ-ਮਈ ਮਾਹੌਲ ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮ ਵੀ ਇਸ ਅਸਹਿ ਦੁਖਦਾਈ ਘਟਨਾ ਤੋਂ ਬੇਹੱਦ ਪੀੜਤ ਹਨ। ਸਮੁੱਚੇ ਮੁਲਾਜਮਾਂ ਦੀ ਇਕ ਹੀ ਭਾਵਨਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਾਣ-ਸਤਿਕਾਰ ਬਹਾਲ ਹੋਵੇ ਤੇ ਪੰਜਾਬ’ਚ ਅਮਨ ਸ਼ਾਂਤੀ ਬਣਾਈ ਜਾਵੇ। aੇਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਵਲੋਂ ਮਿਤੀ ੧੮-੧੦-੨੦੧੫ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਸ਼ਚਾਤਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਵੇਗਾ ਤੇ ਮਿਤੀ ੨੦-੧੦-੨੦੧੫ ਨੂੰ ਭੋਗ ਪਵੇਗਾ।ਉਨ੍ਹਾਂ ਕਿਹਾ ਕਿ ਅੱਜ ਦੇ ਰੋਸ਼ ਮਾਰਚ ਦਾ ਮਕਸਦ ਇਹ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤਾ ਸਜ਼ਾਵਾਂ ਦਿੱਤੀਆਂ ਜਾਣ ਤੇ ਇਹ ਵੀ ਪਤਾ ਲਗਾਇਆ ਜਾਵੇ ਕਿ ਇਸ ਗਹਰੀ ਸਾਜਸ਼ ਪਿੱਛੇ ਕੌਣ ਹੈ।