ਯੂਨੀਵਰਸਿਟੀ ਨੇ ਥੋੜੇ ਸਮੇਂ ਵਿਚ ਹੀ ਵਿਦਿਅਕ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ –ਪ੍ਰੋ: ਬਡੂੰਗਰ

ਸ੍ਰੀ ਫਤਹਿਗੜ੍ਹ ਸਾਹਿਬ, ੨ ਸਤੰਬਰ ੨੦੧੭- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦਾ ਦਸਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਆਰੰਭ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ ਅਤੇ ਵਿਦਿਆਰਥੀ ਸ. ਸ਼ਮਸ਼ੇਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸੰਬੰਧੀ ਪਰਚਾ ਪੇਸ਼ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਚਾਂਸਲਰ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਨੇ ਸਮੂਹ ਹਾਜਰੀਨ ਨੂੰ ਵਧਾਈ ਦਿੰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਸਥਾਪਨਾ ਸਮੁੱਚੇ ਵਿਸ਼ਵ ਵਿੱਚ ਭਾਈਚਾਰਕ ਸਾਂਝ ਅਤੇ ਏਕਤਾ ਦਾ ਸੁਨੇਹਾ ਪਹੁੰਚਾਉਣ ਵਾਲੀ ਇੱਕੋ-ਇੱਕ ਯੂਨੀਵਰਸਿਟੀ ਹੈ, ਜੋ ਕਿਸੇ ਧਰਮ ਗ੍ਰੰਥ ਦੇ ਨਾਂ ਉੱਪਰ ਸਥਾਪਤ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੇ ਆਪਣੀ ਸਥਾਪਨਾ ਤੋਂ ਥੋੜੇ ਸਮੇਂ ਵਿਚ ਹੀ ਵਿਦਿਅਕ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਨੇ ਪਤਿਤਪੁਣੇ ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅੱਗੇ ਆਉਣ ਲਈ ਕਿਹਾ। ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਅਤੇ ਪਿਛਲੇ ਅਕਾਦਮਿਕ ਵਰ੍ਹੇ ਦੌਰਾਨ ਸ੍ਰੀ ਸਹਿਜ ਪਾਠ ਸੰਪੂਰਨ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ੧੧੦੦/-ਰੁ. ਪ੍ਰਤੀ ਵਿਦਿਆਰਥੀ ਦੇਣ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਸਥਾਪਨਾ ਦਿਹਾੜੇ ਦੀਆਂ ਤਿਆਰੀਆਂ ਤੋਂ ਲੈ ਕੇ ਸਮਾਗਮ ਦੇ ਸਮੁੱਚੇ ਸੰਚਾਲਣ ਨੂੰ ਵਿਦਿਆਰਥੀਆਂ ਨੇ ਹੀ ਨਿਭਾਇਆ ਹੈ। ਵਿਦਿਆਰਥੀਆਂ ਦੇ ਉਤਸ਼ਾਹ ਅਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਦੇ ਸਮਾਜ ਨੂੰ ਸੇਧ ਦੇਣ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਇੱਕ ਚੰਗਾ ਰੋਲ ਮਾਡਲ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਮੁੱਚੇ ਵਿਸ਼ਵ ਲਈ ਸਾਂਝੀਆਂ ਹਨ ਅਤੇ ਯੂਨੀਵਰਸਿਟੀ ਇਨ੍ਹਾਂ ਸਿੱਖਿਆਵਾਂ ਦੇ ਪ੍ਰਸਾਰ ਲਈ ਅਹਿਮ ਉਪਰਾਲੇ ਕਰ ਰਹੀ ਹੈ।  
ਇਸ ਮੌਕੇ ਸ. ਦਰਬਾਰਾ ਸਿੰਘ ਗੁਰੂ, ਮੈਂਬਰ ਸਕੱਤਰ ਯੂਨੀਵਰਸਿਟੀ ਟ੍ਰਸਟ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਆਪਣੀ ਸਥਾਪਨਾ ਦੇ ਦਿਨ ਤੋਂ ਵਰਲਡ ਯੂਨੀਵਰਸਿਟੀ ਅਕਾਦਮਿਕ, ਖੋਜ਼ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਾਮੱਤੀਆਂ ਪ੍ਰਾਪਤੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਯੂਨੀਵਰਸਿਟੀ ਟ੍ਰਸਟ ਦੀ ਇਹ ਕਾਮਨਾ ਹੈ ਕਿ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਅਤੇ ਮੌਕੇ ਪ੍ਰਦਾਨ ਕੀਤੇ ਜਾਣ।
ਇਸ ਮੌਕੇ ਵਰਲਡ ਯੂਨੀਵਰਸਿਟੀ ਦੇ ਨਵ-ਨਿਯੁਕਤ ਵਾਈਸ ਚਾਂਸਲਰ, ਡਾ. ਸੁਖਦਰਸ਼ਨ ਸਿੰਘ ਖਹਿਰਾ ਨੇ ਸੰਗਤਾਂ ਨੂੰ ਇਸ ਸੁਭਾਗੇ ਦਿਹਾੜੇ ‘ਤੇ ਮੁਬਾਰਕਬਾਦ ਦਿੰਦਿਆਂ ਯੂਨੀਵਰਸਿਟੀ ਵਿਦਿਆਰਥੀਆਂ ਦੀਆਂ ਅਕਾਦਮਿਕ, ਧਾਰਮਿਕ ਅਤੇ ਖੇਡਾਂ ਦੇ ਖੇਤਰ ਵਿਚ ਰਾਜ, ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਉਤੇ ਸ਼ਲਾਘਾਯੋਗ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਯੂਨੀਵਰਸਿਟੀ ਸੰਬੰਧੀ ਭਵਿੱਖ ਦੀਆਂ ਯੋਜਨਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰੋਫ਼ੈਸਰ ਕਿਰਪਾਲ ਸਿੰਘ ਬਡੂੰਗਰ ਅਤੇ ਯੂਨੀਵਰਸਿਟੀ ਟ੍ਰਸਟ ਦੀ ਯੋਗ ਅਗਵਾਈ ਸਦਕਾ ਯੂਨੀਵਰਸਿਟੀ ਦੀ ਕਾਰਜਸ਼ੀਲਤਾ ਵਿੱਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ।
ਸਥਾਪਨਾ ਦਿਹਾੜੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਰਘੂਬੀਰ ਸਿੰਘ ਜੀ ਨੇ ਕਿਹਾ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਜਾ ਰਹੇ ਵਿਦਿਆਰਥੀ, ਸਮੁੱਚੇ ਪੰਥ ਅਤ ੇਸੰਸਾਰ ਲਈ ਇੱਕ ਆਦਰਸ਼ ਬਣ ਸਕਦੇ ਹਨ।
ਸਮਾਗਮ ਦੇ ਅਖੀਰ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਿਕਾਸ ਅਤੇ ਚੜ੍ਹਦੀਕਲਾ ਵਿਚ ਭਰਪੂਰ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਬਲਦੇਵ ਸਿੰਘ ਕਾਇਮਪੁਰੀ, ਸੀਨੀਅਰ ਮੀਤ ਪ੍ਰਧਾਨ, ਜੈਪਾਲ ਸਿੰਘ ਮੰਡੀਆਂ ਮੈਂਬਰ, ਐਸ.ਜੀ.ਪੀ.ਸੀ., ਸ. ਹਰਦੇਵ ਸਿੰਘ ਰੋਗਲਾ, ਮੈਂਬਰ, ਐਸ.ਜੀ.ਪੀ.ਸੀ., ਬੀਬੀ ਪਰਮਜੀਤ ਕੌਰ, ਮੈਂਬਰ, ਐਸ.ਜੀ.ਪੀ.ਸੀ.; ਸੰਤਾ ਸਿੰਘ ਉਮੈਦਪੁਰੀ, ਮੈਂਬਰ, ਡੀ.ਜੀ.ਪੀ.ਸੀ.; ਸ. ਰਣਜੀਤ ਸਿੰਘ ਲਿਬੜਾ, ਬੀਬੀ ਸੁਰਿੰਦਰ ਕੌਰ, ਮੈਂਬਰ, ਐਸ.ਜੀ.ਪੀ.ਸੀ., ਸ. ਅਮਰਜੀਤ ਸਿੰਘ ਸਿੱਧੂ; ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ,ਸ. ਰਵਿੰਦਰ ਸਿੰਘ, ਮੈਂਬਰ, ਐਸ.ਜੀ.ਪੀ.ਸੀ.; ਸ. ਦੀਦਾਰ ਸਿੰਘ ਭੱਟੀ, ਸਾਬਕਾ ਐਮ.ਐਲ.ਏ.; ਸ. ਗੁਰਦੀਪ ਸਿੰਘ, ਮੈਨੇਜਰ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ; ਪੋਲੀਟੈਕਨੀਕਲ ਕਾਲਜ ਦੇ ਪਿੰ੍ਰਸੀਪਲ, ਡਾ. ਐਚ.ਐਸ. ਭੱਟੀ; ਡਾ. ਜੀ.ਐਸ. ਲਾਂਭਾ, ਪਿੰ੍ਰਸੀ. ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ; ਡਾ. ਆਰ.ਕੇ. ਸ਼ਰਮਾ, ਡੀਨ ਰਿਸਰਚ; ਡੀਨ ਵਿਦਿਆਰਥੀ ਭਲਾਈ, ਡਾ. ਬੀਰਬਿਕਰਮ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।