-ਸ਼ਬਦ ਗੁਰੂ ਯਾਤਰਾ ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

ਅੰਮ੍ਰਿਤਸਰ, 9 ਜਨਵਰੀ– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਅਰੰਭ ਕੀਤੀ ਗਈ ਸ਼ਬਦ ਗੁਰੂ ਯਾਤਰਾ ਅੱਜ ਤੀਸਰੇ ਦਿਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਨੇ ਅਰੰਭਤਾ ਦੀ ਅਰਦਾਸ ਕੀਤੀ। ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇਣ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਲਵਿੰਦਰਪਾਲ ਸਿੰਘ ਪੱਖੋਕੇ ਨੇ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ। ਇਸ ਮੌਕੇ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਫੁੱਲਾਂ ਦੀ ਭਰਵੀਂ ਵਰਖਾ ਕੀਤੀ ਗਈ। ਨਗਰ ਕੀਰਤਨ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਬੈਂਡ ਅਤੇ ਗਤਕਾ ਪਾਰਟੀਆਂ ਨੇ ਸਿੱਖ ਮਾਰਸ਼ਲ ਆਰਟ ਦੇ ਜੌਹਰ ਦਿਖਾਏ। ਇਸ ਤੋਂ ਇਲਾਵਾ ਵੱਖ-ਵੱਖ ਪੜਾਵਾਂ ‘ਤੇ ਸੰਗਤ ਨੇ ਭਰਵਾਂ ਸਵਾਗਤ ਕਰਦਿਆਂ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਉਥੇ ਹੀ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਆਰੰਭਤਾ ਸਮੇਂ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ. ਸੁਖਵਰਸ਼ ਸਿੰਘ ਪੰਨੂੰ ਮੈਂਬਰ ਧਰਮ ਪ੍ਰਚਾਰ ਕਮੇਟੀ, ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸਾਬਕਾ ਵਿਧਾਇਕ ਸ. ਹਰਮੀਤ ਸਿੰਘ ਸੰਧੂ ਆਦਿ ਮੌਜੂਦ ਸਨ।
ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂੰਵਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ੫੫੦ਵੇਂ ਪ੍ਰਕਾਸ਼ ਗੁਰਪੁਰਬ ਸਬੰਧੀ ਉਲੀਕੇ ਗਏ ਸਮਾਗਮਾਂ ਤਹਿਤ ਇਹ ਸ਼ਬਦ ਗੁਰੂ ਯਾਤਰਾ ਆਰੰਭ ਕੀਤੀ ਗਈ ਹੈ, ਜੋ ਸਾਰੇ ਪੰਜਾਬ ਅੰਦਰ ਸ਼ਬਦ ਗੁਰੂ ਦਾ ਪ੍ਰਚਾਰ ਕਰੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਲਵਿੰਦਰਪਾਲ ਸਿੰਘ ਪੱਖੋਕੇ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਭਰਵੀਂ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਅਤੇ ਵਿਰਸਾ ਸ਼ਾਨਾਮੱਤਾ ਹੈ ਅਤੇ ਇਸ ਨੂੰ ਪਿੰਡ ਪਿੰਡ ਤੱਕ ਪਹੁੰਚਾਉਣ ਲਈ ਅਜਿਹੇ ਯਤਨ ਲਾਭਦਾਇਕ ਬਣਦੇ ਹਨ। ਇਸ ਤੋਂ ਇਲਾਵਾ ਦਲ ਬਾਬਾ ਬਿਧੀ ਚੰਦ ਦੇ ਮੁੱਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਅਤੇ ਇਸ ਸ਼ਬਦ ਗੁਰੂ ਯਾਤਰਾ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਨਿਸ਼ਾਨ ਸਿੰਘ ਮੀਤ ਸਕੱਤਰ, ਭਾਈ ਕੁਲਵਿੰਦਰ ਸਿੰਘ ਗ੍ਰੰਥੀ, ਮੈਨੇਜਰ ਸ. ਅਰਜਨ ਸਿੰਘ ਤੇ ਸ. ਸਤਨਾਮ ਸਿੰਘ ਰਿਆੜ, ਸ. ਸਰਬਜੀਤ ਸਿੰਘ ਲਾਲੀ, ਸ. ਕਰਤਾਰ ਸਿੰਘ ਇੰਚਾਰਜ ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।