ਸ਼ਬਦ ਗੁਰੂ ਯਾਤਰਾ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ, ਰਾਏਕੋਟ ਲੁਧਿਆਣਾ ਤੋਂ ਅਗਲੇ ਪੜਾਅ ਲਈ ਰਵਾਨਾ


ਅੰਮ੍ਰਿਤਸਰ, ੦੬ ਮਾਰਚ– ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਅੱਜ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ, ਰਾਏਕੋਟ ਲੁਧਿਆਣਾ ਤੋਂ ਅਗਲੇ ਪੜਾਅ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗੁਰੂਸਰ ਕਾਉਂਕੇ (ਲੁਧਿਆਣਾ) ਲਈ ਰਵਾਨਾ ਹੋਈ। ਇਹ ਯਾਤਰਾ ਝੋਰਵਾ, ਲੰਮਾ, ਮਾਣੂੰਕੇ ਦੇਹੜਕਾ, ਡੱਲਾ, ਕਾਉਂਕੇ ਕਲਾਂ ਤੋਂ ਹੁੰਦੀ ਹੋਈ ਰਾਤ ਦੇ ਵਿਸ਼ਰਾਮ ਲਈ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗੁਰੂਸਰ ਕਾਉਂਕੇ ਲੁਧਿਆਣਾ ਵਿਖੇ ਪੁੱਜੇਗੀ। ਇਸ ਮੌਕੇ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਦੇ ਗ੍ਰੰਥੀ ਗਿਆਨੀ ਹਰਦੀਪ ਸਿੰਘ ਨੇ ਅਰੰਭਤਾ ਦੀ ਅਰਦਾਸ ਕੀਤੀ ਅਤੇ ਸੰਗਤ ਨੂੰ ਹੁਕਮਨਾਮਾ ਗਿਆਨੀ ਜਰਨੈਲ ਸਿੰਘ ਨੇ ਸਰਵਣ ਕਰਵਾਇਆ। ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੇਣ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰਦੁਆਰਾ ਟਾਹਲੀਆਣਾ ਰਾਏਕੋਟ ਦੇ ਮੈਨੇਜਰ ਸ. ਕੰਵਲਜੀਤ ਸਿੰਘ ਨੇ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ। ਇਸ ਮੌਕੇ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਫੁੱਲਾਂ ਦੀ ਭਰਵੀਂ ਵਰਖਾ ਕੀਤੀ ਗਈ। ਨਗਰ ਕੀਰਤਨ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਬੈਂਡ ਅਤੇ ਗਤਕਾ ਪਾਰਟੀਆਂ ਨੇ ਸਿੱਖ ਮਾਰਸ਼ਲ ਆਰਟ ਦੇ ਜੌਹਰ ਦਿਖਾਏ। ਇਸ ਤੋਂ ਇਲਾਵਾ ਵੱਖ-ਵੱਖ ਪੜਾਵਾਂ ‘ਤੇ ਸੰਗਤ ਨੇ ਭਰਵਾਂ ਸਵਾਗਤ ਕਰਦਿਆਂ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਉਥੇ ਹੀ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਇਸ ਮੌਕੇ ਸੰਗਤ ਨਾਲ ਪ੍ਰਚਾਰਕ ਸਾਹਿਬਾਨਾਂ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਸ਼ਬਦ ਗੁਰੂ ਯਾਤਰਾ ਦੀ ਅਰੰਭਤਾ ਸਮੇਂ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਇੰਚਾਰਜ ਯਾਤਰਾ ਵਿਭਾਗ ਸ. ਬਲਵਿੰਦਰ ਸਿੰਘ ਖੈਰਾਬਾਦ, ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਲੁਧਿਆਣਾ ਦੇ ਮੈਨੇਜਰ ਸ. ਕੰਵਲਜੀਤ ਸਿੰਘ, ਮੀਤ ਮੈਨੇਜਰ ਸ. ਪ੍ਰਮਿੰਦਰ ਸਿੰਘ ਗੁਰਦੁਆਰਾ ਨਾਢਾ ਸਾਹਿਬ, ਸ. ਹਰਦੀਪ ਸਿੰਘ ਮੈਨੇਜਰ ਗੁਰਦੁਆਰਾ ਗੁਰੂਸਰ ਸਾਹਿਬ ਕਾਉਂਕੇ, ਗੁ: ਇੰਸਪੈਕਟਰ ਸ. ਦਰਸ਼ਨ ਸਿੰਘ ਤੇ ਜਗਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।