ਗੁਰਦੁਆਰਾ ਕੈਂਬੋਵਾਲ ਸਾਹਿਬ ਲੌਂਗੋਵਾਲ ਵਿਖੇ ਤਿੰਨ ਦਿਨਾਂ ਸਮਾਗਮਾਂ ਦੀ ਹੋਈ ਆਰੰਭਤਾ
ਖ਼ਾਲਸਾਈ ਜਾਹੋ-ਜਲਾਲ ਨਾਲ ਗੁਰਦੁਆਰਾ ਸਾਹਿਬ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ


ਸੰਗਰੂਰ, ੪ ਫ਼ਰਵਰੀ– ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਅਤੇ ਸ਼ਹੀਦ ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕੈਂਬੋਵਾਲ ਸਾਹਿਬ ਲੌਂਗੋਵਾਲ ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮਾਂ ਦੀ ਅਰੰਭਤਾ ਤਹਿਤ ਅੱਜ ਪਹਿਲੇ ਦਿਨ ਖ਼ਾਲਸਾਈ ਜਾਹੋ-ਜਲਾਲ ਨਾਲ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਏ ਜਿਨ੍ਹਾਂ ਦੇ ਭੋਗ ੬ ਫ਼ਰਵਰੀ ਨੂੰ ਪਾਏ ਜਾਣਗੇ। ਅੱਜ ਸਜਾਏ ਗਏ ਨਗਰ ਕੀਰਤਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੀ ਅਰੰਭਤਾ ਸਮੇਂ ਭਾਈ ਲੌਂਗੋਵਾਲ ਨੇ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਭੇਟ ਕੀਤੇ। ਨਗਰ ਕੀਰਤਨ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸਕੂਲੀ ਬੈਂਡ ਅਤੇ ਸਿੱਖ ਮਾਰਸ਼ਲ ਆਰਟ ਗਤਕੇ ਦੇ ਜੌਹਰ ਵਿਖਾਏ। ਵੱਡੀ ਗਿਣਤੀ ਵਿਚ ਸੰਗਤ ਨੇ ਨਗਰ ਕੀਰਤਨ ਵਿਚ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਮੂਲੀਅਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸੁੰਦਰ ਰੁਮਾਲੇ ਭੇਟ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਦੀ ਲੰਗਰ ਅਤੇ ਚਾਹ-ਪਾਣੀ ਨਾਲ ਟਹਿਲ ਸੇਵਾ ਵੀ ਕੀਤੀ ਗਈ। ਇਸ ਮੌਕੇ ਸ. ਪਰਮਜੀਤ ਸਿੰਘ ਖ਼ਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਬਲਵਿੰਦਰ ਸਿੰਘ ਲੌਂਗੋਵਾਲ, ਸ. ਜਸਬੀਰ ਸਿੰਘ ਜੱਸੀ ਲੌਂਗੋਵਾਲ, ਸ. ਸੁਰਜੀਤ ਸਿੰਘ ਠੀਕਰੀਵਾਲਾ, ਮੈਨੇਜਰ ਸ. ਭੁਪਿੰਦਰ ਸਿੰਘ ਜੋਸ਼ੀ, ਸ. ਅਮਰਜੀਤ ਸਿੰਘ, ਸ. ਗੁਰਮੀਤ ਸਿੰਘ, ਪ੍ਰਿੰਸੀਪਲ ਜਸਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।
ਇਸੇ ਦੌਰਾਨ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਹੈ ਕਿ ਭਲਕੇ ੫ ਫ਼ਰਵਰੀ ਨੂੰ ਬੱਚਿਆਂ ਦੇ ਦਸਤਾਰ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਜਾਣਗੇ, ਇਸ ਤੋਂ ਇਲਾਵਾ ਧਾਰਮਿਕ ਦੀਵਾਨ ਵਿਚ ਢਾਡੀ ਕਵੀਸ਼ਰ ਜਥੇ ਗੁਰੂ ਜਸ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ੬ ਫ਼ਰਵਰੀ ਨੂੰ ਸਵੇਰੇ ੧੦ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਅਤੇ ਪੰਥ ਪ੍ਰਸਿੱਧ ਢਾਡੀ ਤੇ ਕਵੀਸ਼ਰ ਜਥੇ ਹਾਜ਼ਰੀ ਭਰਨਗੇ।