ਗੁਰਦੁਆਰਾ ਕੋੜੀ ਵਾਲਾ ਘਾਟ ਯੂ.ਪੀ. ਤੋਂ ਜੈਕਾਰਿਆਂ ਦੀ ਗੂੰਜ ‘ਚ ਆਰੰਭ ਹੋਇਆ ਪਹਿਲਾ ਵਿਸ਼ਾਲ ਨਗਰ ਕੀਰਤਨ

ਅੰਮ੍ਰਿਤਸਰ 01 ਅਕਤੂਬਰ-
ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਵੱਖ-ਵੱਖ ਨਗਰ ਕੀਰਤਨਾਂ ਦੀ ਸ਼ੁਰੂਆਤ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ‘ਚ ਪੈਂਦੇ ਪਹਿਲੇ ਪਾਤਸ਼ਾਹ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਕੋੜੀ ਵਾਲਾ ਘਾਟ ਤ੍ਰਿਕੁਨੀਆ ਤੋਂ ਹੋਈ ਜੋ ਯੂ.ਪੀ., ਉਤਰਾਂਚਲ, ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੋਂ ਹੁੰਦਾ ਹੋਇਆ ੮ ਅਕਤੂਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸੰਪੰਨ ਹੋਵੇਗਾ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਖ਼ਾਲਸਾਈ ਜਾਹੋ-ਜਲਾਲ ਨਾਲ ਸ਼ੁਰੂ ਹੋਏ ਇਸ ਨਗਰ ਕੀਰਤਨ ਮੌਕੇ ਆਰੰਭਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ। ਨਗਰ ਕੀਰਤਨ ਆਰੰਭ ਹੋਣ ਸਮੇਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪੰਨੂੰ, ਸ. ਪ੍ਰਿਤਪਾਲ ਸਿੰਘ, ਸ. ਅਮਰੀਕ ਸਿੰਘ ਸ਼ਾਹਪੁਰ, ਸ. ਸੁਖਮੀਤ ਸਿੰਘ ਕਾਦੀਆਂ, ਗੁਰਦੁਆਰਾ ਕੋੜੀ ਵਾਲਾ ਘਾਟ ਦੇ ਮੁੱਖ ਪ੍ਰਬੰਧਕ ਬਾਬਾ ਕਾਲਾ ਸਿੰਘ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਬਿਜੈ ਸਿੰਘ, ਮੀਤ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਸ. ਹਰਜੀਤ ਸਿੰਘ ਲਾਲੂਘੁੰਮਣ ਅਤੇ ਯੂ.ਪੀ., ਉਤਰਾਖੰਡ ਤੇ ਪੰਜਾਬ ਤੋਂ ਪਹੁੰਚੀਆਂ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ, ਵੱਖ-ਵੱਖ ਸਿੰਘ ਸਭਾਵਾਂ, ਧਾਰਮਿਕ ਸਭਾ-ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ। ਨਗਰ ਕੀਰਤਨ ਨਾਲ ਚੱਲ ਰਹੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਦੱਸਿਆ ਕਿ ਨਗਰ ਕੀਰਤਨ ਪ੍ਰਤੀ ਸੰਗਤ ਵਿਚ ਭਾਰੀ ਉਤਸ਼ਾਹ ਸੀ ਅਤੇ ਵੱਖ-ਵੱਖ ਗੱਤਕਾ ਤੇ ਬੈਂਡ ਪਾਰਟੀਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਇਸ ਤੋਂ ਇਲਾਵਾ ਸੰਗਤ ਵੱਲੋਂ ਥਾਂ-ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਭਾਈ ਅਭਿਆਸੀ ਨੇ ਦੱਸਿਆ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਪਾਵਨ ਸ਼ਸਤਰਾਂ ਬਸਤਰਾਂ ਵਾਲੀ ਬੱਸ ਵੀ ਨਗਰ ਕੀਰਤਨ ਚੱਲ ਰਹੀ ਹੈ, ਜਿਸ ਪ੍ਰਤੀ ਸੰਗਤਾਂ ਵਿਚ ਸ਼ਰਧਾ ਤੇ ਉਤਸ਼ਾਹ ਹੈ।
ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਗੁਰਦੁਆਰਾ ਕੋੜੀ ਵਾਲਾ ਘਾਟ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕੀਤਾ ਗਿਆ, ਜਿਸ ਵਿਚ ਸੰਗਤ ਨਾਲ ਵਿਚਾਰਾਂ ਸਾਂਝੀਆਂ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਾਡੇ ਲਈ ਇਹ ਸੁਭਾਗਾ ਸਮਾਂ ਹੈ ਕਿ ਪਹਿਲੇ ਪਾਤਸ਼ਾਹ ਜੀ ਦਾ ੫੫੦ ਸਾਲਾ ਪ੍ਰਕਾਸ਼ ਪੁਰਬ ਸਾਡੇ ਜੀਵਨ ਵਿਚ ਆ ਰਿਹਾ ਹੈ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਸ ਮੁਬਾਰਕ ਮੌਕੇ ‘ਤੇ ਆਪੋ-ਆਪਣੇ ਪਰਿਵਾਰਾਂ ਨੂੰ ਗੁਰੂ ਸਾਹਿਬ ਜੀ ਦੀ ਸਿੱਖਿਆ ਨਾਲ ਜੁੜਨ ਦਾ ਸੁਨੇਹਾ ਦਿੱਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਸਬੰਧੀ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ। ਇਸ ਸਮਾਗਮ ਦੌਰਾਨ ਸਿੱਖ ਕੌਮ ਦੇ ਮਹਾਨ ਕੀਰਤਨੀ ਜਥਿਆਂ, ਕਥਾਵਾਚਕਾਂ ਅਤੇ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ. ਬ੍ਰਿਜਪਾਲ ਸਿੰਘ ਇੰਚਾਰਜ ਸਿੱਖ ਮਿਸ਼ਨ ਹਾਪੜ, ਬਾਬਾ ਗੁਰਨਾਮ ਸਿੰਘ ਕਾਰਸੇਵਾ ਵਾਲੇ, ਸ. ਚਰਨਜੀਤ ਸਿੰਘ ਪੰਨੂੰ, ਸ. ਮਨਪ੍ਰੀਤ ਸਿੰਘ ਜੰਗ, ਭਾਈ ਤਰਲੋਕ ਸਿੰਘ, ਬੀਬੀ ਕਮਲੇਸ਼ ਕੌਰ ਸ਼ਾਹਜਹਾਨਪੁਰ, ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਭਾਈ ਸਰਬਜੀਤ ਸਿੰਘ ਢੋਟੀਆ, ਭਾਈ ਹਰਪ੍ਰੀਤ ਸਿੰਘ ਵਡਾਲਾ, ਸ. ਬਲਵਿੰਦਰ ਸਿੰਘ ਭਮਾਰਸੀ, ਬਾਬਾ ਕਿਸ਼ਨ ਸਿੰਘ ਪਟਿਆਲਾ ਵਾਲੇ, ਸ. ਸੁਖਵਿੰਦਰ ਸਿੰਘ ਐਮ.ਏ., ਬਾਬਾ ਸ਼ਾਮ ਸਿੰਘ ਰੀਠਾ ਸਾਹਿਬ ਵਾਲੇ, ਬਾਬਾ ਕਰਨੈਲ ਸਿੰਘ ਆਦਿ ਮੌਜੂਦ ਸਨ।