ਅੰਮ੍ਰਿਤਸਰ, 24 ਅਪ੍ਰੈਲ-
ਕੋਰੋਨਾ ਵਾਇਰਸ ਦੀ ਵਿਸ਼ਵ ਮਹਾਮਾਰੀ ਸਮੇਂ ਸੱਚਖੰਡ ਸ੍ਰੀ ਹਰਿੰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਲੋੜਵੰਦਾਂ ਲਈ ਚਲਾਈ ਲੰਗਰ ਸੇਵਾ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ ਨਿਵਾਸੀ ਬੀਬੀ ਜਸਬੀਰ ਕੌਰ ਪਤਨੀ ਸ. ਕਿਸ਼ਨ ਸਿੰਘ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਇੱਕ ਲੱਖ ਰੁਪਏ ਦੇ ਆਟੇ ਦੀ ਸੇਵਾ ਕਰਵਾਈ ਹੈ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਵੱਲੋਂ ਦਿੱਤੀ ਗਈ। ਸ਼੍ਰੋਮਣੀ ਕਮੇਟੀ ਬੁਲਾਰੇ ਨੇ ਦੱਸਿਆ ਕਿ ਦੁਆਬੇ ਦੇ ਪਿੰਡ ਲੱਲੀਆਂ ਨਾਲ ਸਬੰਧਤ ਬੀਬੀ ਜਸਬੀਰ ਕੌਰ ਨੇ ਆਪਣੇ ਦਸਵੰਧ ਵਿੱਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਲੰਗਰ ਲਈ ਆਟਾ ਭੇਜਿਆ ਹੈ। ਸ਼ਰਧਾਲੂ ਪਰਿਵਾਰ ਵੱਲੋਂ ਇਹ ਸੇਵਾ ਸ਼੍ਰੋਮਣੀ ਕਮੇਟੀ ਮੈਂਬਰ ਸ. ਹਰਜਿੰਦਰ ਸਿੰਘ ਲੱਲੀਆਂ, ਵਿਧਾਇਕ ਸ. ਬਲਦੇਵ ਸਿੰਘ ਖਹਿਰਾ, ਸਾਬਕਾ ਮੈਂਬਰ ਬੀਬੀ ਸੁਰਿੰਦਰ ਕੌਰ ਲੱਲੀਆਂ, ਸ. ਬਲਵਿੰਦਰ ਸਿੰਘ ਗੜ੍ਹੀ ਮਹਾਂਸਿੰਘ, ਸ. ਜਸਵੀਰ ਸਿੰਘ ਰੁੜਕਾ ਤੇ ਸ. ਗੁਰਨਾਮ ਸਿੰਘ ਆਦਿ ਸ਼ਖਸੀਅਤਾਂ ਨੇ ਗੁਰੂ ਘਰ ਤੱਕ ਪਹੁੰਚਾਉਣ ਦੀ ਜੁੰਮੇਵਾਰੀ ਨਿਭਾਈ। ਉਨ੍ਹਾਂ ਦੱਸਿਆ ਕਿ ਗੁਰੂ ਕੇ ਲੰਗਰ ਲਈ ਬਹੁਤ ਸਾਰੇ ਸ਼ਰਧਾਲੂ ਆਪਣੀ ਕਿਰਤ ਕਮਾਈ ਵਿੱਚੋਂ ਸੇਵਾ ਭੇਜ ਰਹੇ ਹਨ। ਸ. ਰਮਦਾਸ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਬੀਬੀ ਜਸਬੀਰ ਕੌਰ ਤੇ ਉਨ੍ਹਾਂ ਦੇ ਪਰਿਵਾਰ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਗੁਰੂ ਕੇ ਲੰਗਰ ਲਈ ਰਸਦ ਦੀ ਸੇਵਾ ਕੀਤੀ ਹੈ।