ਅੰਮ੍ਰਿਤਸਰ, 2 ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਸ੍ਰੀ ਅੰਮ੍ਰਿਤਸਰ ਵਿਖੇ ਇੰਡੋਥਾਈ ਹਵਾਈ ਕੰਪਨੀ ਦੀ ਇਕ ਮਹਿਲਾ ਅਧਿਕਾਰੀ ਵੱਲੋਂ ਉਥੇ ਕੰਮ ਕਰਦੇ ਸਿੱਖ ਨੌਜੁਆਨ ਲੋਡਰਾਂ ਨੂੰ ਦਸਤਾਰ ਉਤਾਰਨ ਅਤੇ ਕੇਸ ਕਟਵਾਉਣ ਲਈ ਮਜ਼ਬੂਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਚੌਥੇ ਪਾਤਸ਼ਾਹ ਜੀ ਦੇ ਨਾਂ ’ਤੇ ਚੱਲ ਰਹੇ ਕੌਮਾਂਤਰੀ ਹਵਾਏ ਅੱਡੇ ’ਤੇ ਗੁਰੂ ਸਾਹਿਬ ਦੇ ਸਿਧਾਂਤਾਂ ਵਿਰੁੱਧ ਕਾਰਵਾਈ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਮਹਿਲਾ ਅਧਿਕਾਰੀ ਵੱਲੋਂ ਉਥੇ ਕੰਮ ਕਰਦੇ ਨੌਜੁਆਨਾਂ ਨੂੰ ਸਿੱਖ ਗੌਰਵ ਦਾ ਪ੍ਰਤੀਕ ਦਸਤਾਰ ਉਤਾਰ ਕੇ ਡਿਊਟੀ ’ਤੇ ਆਉਣ ਲਈ ਕਹਿਣਾ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ’ਤੇ ਸੱਟ ਹੈ। ਉਨ੍ਹਾਂ ਹਵਾਈ ਕੰਪਨੀ ਦੇ ਨਾਲ-ਨਾਲ ਏਅਰਪੋਰਟ ਅਥਾਰਟੀ ਪਾਸੋਂ ਵੀ ਮੰਗ ਕੀਤੀ ਕਿ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਣ ਅਤੇ ਦੋਸ਼ੀ ਮਹਿਲਾ ਖਿਲਾਫ਼ ਬਣਦੀ ਕਾਰਵਾਈ ਕਰਨ।