ਬੋਲੇਪਣ ਦੀ ਜਾਂਚ ਲਈ 5 ਸਤੰਬਰ ਤੋਂ ਹੋਵੇਗੀ ਵਿਸ਼ੇਸ਼ ਕੈਂਪਾਂ ਦੀ ਸ਼ੁਰੂਆਤ-ਡਾ. ਰੂਪ ਸਿੰਘ

ਸ਼੍ਰੋਮਣੀ ਕਮੇਟੀ ਦੀ ਸਿਹਤ ਸੰਸਥਾ ਨੂੰ ਕੇਂਦਰ ਸਰਕਾਰ ਵੱਲੋਂ ਏ.ਡੀ.ਪੀ.ਆਈ. ਸਕੀਮ ਅਧੀਨ ਸੂਚੀਬੱਧ ਹੋਣ ਦਾ ਮਾਣ ਹਾਸਲ

6 ਲੱਖ ਦਾ ਕੋਕਲਿਅਰ ਇੰਮਪਲਾਂਟ ਬੋਲੇਪਣ ਤੋਂ ਪੀੜਤ ਬੱਚਿਆਂ ਨੂੰ ਮੁਫ਼ਤ ਲਗਾਇਆ ਜਾਵੇਗਾ

ਅੰਮ੍ਰਿਤਸਰ 31 ਅਗਸਤ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲੋਂ ਸਤੰਬਰ ਮਹੀਨੇ ਨੂੰ ਬੋਲੇਪਣ ਸਬੰਧੀ ਜਾਗਰੂਕਤਾ ਮਹੀਨੇ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ ਅਤੇ ਇਸ ਮਹੀਨੇ ਵਿਚ ਬੋਲੇਪਣ ਦੇ ਚੈੱਕਅੱਪ ਲਈ ਵੱਖ-ਵੱਖ ਕੈਂਪ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਹਰ ਸਾਲ ਸਤੰਬਰ ਮਹੀਨੇ ਨੂੰ ਪੂਰੀ ਦੁਨੀਆਂ ਅੰਦਰ ਬੋਲੇਪਣ ਤੋਂ ਜਾਗਰੂਕਤਾ ਮਹੀਨੇ ਦੇ ਤੌਰ ’ਤੇ ਮਨਾਇਆ ਜਾਂਦਾ ਹੈ, ਜਿਸ ਤਹਿਤ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਵੀ ਇਸ ਮਹੀਨੇ ਦੌਰਾਨ ਵਿਸ਼ੇਸ਼ ਕੈਂਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ 5 ਸਤੰਬਰ ਨੂੰ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਸ੍ਰੀ ਅੰਮ੍ਰਿਤਸਰ ਵਿਖੇ ਪਹਿਲਾ ਕੈਂਪ ਲਗਾਇਆ ਜਾਵੇਗਾ, ਜਿਸ ਵਿਚ 5 ਸਾਲ ਤੱਕ ਉਮਰ ਦੇ ਬੱਚੇ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਜੋ ਬੋਲੇਪਣ ਦੀ ਬਿਮਾਰੀ ਤੋਂ ਪੀੜਤ ਹਨ, ਦਾ ਮੁਫ਼ਤ ਚੈੱਕਅੱਪ ਅਤੇ ਇਲਾਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੰਨਾਂ ਦੀਆਂ ਮਸ਼ੀਨਾਂ ਵੀ ਫ਼੍ਰੀ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 12, 19 ਅਤੇ 26 ਸਤੰਬਰ ਨੂੰ ਵੀ ਕੈਂਪ ਆਯੋਜਤ ਕੀਤੇ ਜਾਣਗੇ, ਜਦਕਿ ਇਸ ਪੂਰੇ ਮਹੀਨੇ ਦੌਰਾਨ ਬੋਲੇਪਣ ਸਬੰਧੀ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। 
ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਸਿਹਤ ਸੰਸਥਾ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਸ੍ਰੀ ਅੰਮ੍ਰਿਤਸਰ ਭਾਰਤ ਦੀ ਪਹਿਲੀ ਪ੍ਰਾਈਵੇਟ ਸੰਸਥਾ ਹੈ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਏ.ਡੀ.ਪੀ.ਆਈ. ਸਕੀਮ ਅਧੀਨ ਸੂਚੀਬੱਧ ਹੋਣ ਦਾ ਮਾਣ ਹਾਸਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਬੋਲੇਪਣ ਦੀ ਬਿਮਾਰੀ ਤੋਂ ਪੀੜਤ ਬੱਚਿਆਂ ਦੇ ਇਲਾਜ਼ ਲਈ ਹੋਣ ਵਾਲਾ ਓਪਰੇਸ਼ਨ (ਕੋਕਲਿਅਰ ਇੰਮਪਲਾਂਟ) ਜਿਸ ਦਾ ਖਰਚਾ 6 ਲੱਖ ਰੁਪਏ ਦੇ ਲਗਭਗ ਹੈ, ਦੀ ਮੁਫ਼ਤ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਪੂਰੀ ਦੁਨੀਆਂ ਅੰਦਰ 360 ਮੀਲੀਅਨ ਲੋਕ ਬੋਲੇਪਣ ਤੋਂ ਪੀੜਤ ਹਨ ਅਤੇ ਇਸ ਜਾਗਰੂਕਤਾ ਮਹੀਨੇ ਦੌਰਾਨ ਇਸ ਸਬੰਧ ਵਿਚ ਬੋਲੇਪਣ ਦੇ ਪੀੜਤ ਲੋਕਾਂ ਦੀਆਂ ਲੋੜਾਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਹੱਲ ਤਲਾਸ਼ਣਾ ਹੈ। ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਬੋਲਾਪਣ ਚੈੱਕ ਕਰਨ ਲਈ ਨਵਜਨਮੇ ਬੱਚਿਆਂ ਲਈ ਵਿਸ਼ੇਸ਼ ਸੁਵਿਧਾ ਦਿੱਤੀ ਜਾਂਦੀ ਹੈ ਅਤੇ ਜਾਗਰੂਕਤਾ ਫੈਲਾਉਣ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ।